
ਸੜਕ ਹਾਦਸਿਆਂ ਵਿਚ ਦੋ ਨੌਜਵਾਨਾਂ ਦੀ ਜਾਨ ਗਈ
ਰਾਏਕੋਟ, 13 ਦਸੰਬਰ (ਜਸਵੰਤ ਸਿੰਘ ਸਿੱਧੂ) : ਦੱਧਾਹੂਰ ਦੇ ਨਜ਼ਦੀਕ ਹਾਈਵੇਅ 'ਤੇ ਸਥਿਤ ਮੰਡੇਰ ਪੈਲੇਸ ਦੇ ਨੇੜੇ ਬੀਤੀ ਰਾਤ ਇਕ ਕਾਰ ਅਤੇ ਟਾਟਾ 207 ਦੀ ਟੱਕਰ ਵਿਚ ਇਕ ਸਾਬਕਾ ਫ਼ੌਜੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ (40) ਸਪੁੱਤਰ ਸੁਰਿੰਦਰ ਸਿੰਘ ਵਾਸੀ ਜਲਾਲਦੀਵਾਲ ਜੋ ਕਿ ਫ਼ੌਜ ਵਿਚੋਂ ਸੇਵਾ ਮੁਕਤ ਸੀ, ਬੀਤੀ ਰਾਤ ਅਪਣੇ ਘਰੇਲੂ ਕੰਮ ਕਰ ਕੇ ਬਰਨਾਲਾ ਤੋਂ ਪਿੰਡ ਜਲਾਲਦੀਵਾਲ ਨੂੰ ਸਵਿਫ਼ਟ ਡਿਜ਼ਾਇਰ ਪੀਬੀ 56 ਡੀ 2262 'ਤੇ ਵਾਪਸ ਆ ਰਿਹਾ ਸੀ, ਜਦੋਂ ਉਹ ਮੰਡੇਰ ਪੈਲੇਸ ਦੱਧਾਹੂਰ ਦੇ ਨਜ਼ਦੀਕ ਪੁੱਜਾ ਤਾਂ ਧੁੰਦ ਜ਼ਿਆਦਾ ਹੋਣ ਕਰ ਕੇ ਸਾਹਮਣੇ ਤੋਂ ਆ ਰਹੀ ਗੱਡੀ ਟਾਟਾ 207 ਨੰਬਰ ਜੇਕੇ 03 ਡੀ 9804 ਨਾਲ ਟਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਈ, ਉੱਥੇ ਹੀ ਕਾਰ ਚਾਲਕ ਹਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਚੌਕੀ ਜਲਾਲਦੀਵਾਲ ਇੰਚਾਰਜ ਸਈਅਦ ਸ਼ਕੀਲ ਨੇ ਦਸਿਆ ਕਿ ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਦੂਜੇ ਸੜਕ ਹਾਦਸੇ ਵਿਚ ਰਾਏਕੋਟ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਲਾਡੀ (32) ਸਪੁੱਤਰ ਸਮਸ਼ੇਰ ਸਿੰਘ ਵਾਸੀ ਰਾਏਕੋਟ ਜੋ ਅਪਣੇ ਮੋਟਰਸਾਈਕਲ ਪਲੈਟੀਨਾ ਨੰਬਰ ਪੀਬੀ56 ਸੀ 2716 'ਤੇ ਬੱਸ ਸਟੈਂਡ ਤੋਂ ਬਰਨਾਲਾ ਚੌਕ ਵਲ ਜਾ ਰਿਹਾ ਸੀ, ਪਿੱਛੇ ਤੋਂ ਆਈ ਤੇਜ਼ ਰਫ਼ਤਾਰ ਵਰਨਾ ਕਾਰ ਪੀਬੀ13 ਬੀਸੀ 2558 ਜਿਸ ਨੂੰ ਸੰਦੀਪ ਸਿੰਘ ਪੁੱਤਰ ਜਗਸ਼ੀਰ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਚਲਾ ਰਿਹਾ ਸੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਸੜਕ 'ਤੇ ਡਿੱਗ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ, ਜਦੋਂ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਫੋਟੋ ਫਾਇਲ : 13ਰਾਏਕੋਟ01
ਕੈਪਸ਼ਨ : ਦੱਧਾਹੂਰ ਨਜਦੀਕ ਹੋਏ ਸੜਕੀ ਹਾਦਸੇ 'ਚ ਨੁਕਸਾਨੇ ਗਏ ਵਾਹਨ ਦੀ ਤਸਵੀਰ।