
ਡਿਵਾਈਡਰ ਨਾਲ ਟਕਰਾਈ ਫਾਰਚੂਨਰ, 3 ਲੋਕ ਜ਼ਖਮੀ
ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ 'ਤੇ ਇੱਕ ਬੇਕਾਬੂ ਫਾਰਚੂਨਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ 'ਤੇ ਜਾ ਵੜੀ। ਇਸ ਹਾਦਸੇ 'ਚ ਤਿੰਨ ਲੋਕ ਜ਼ਖਮੀ ਹੋ ਗਏ। ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਗੱਡੀ ਦੇ ਡਰਾਈਵਰ ਦੀ ਹਾਲਤ ਨਾਜ਼ੁਕ ਹੈ।
ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਕਾਰ ਓਵਰਬ੍ਰਿਜ ਤੋਂ ਥੱਲੇ ਡਿੱਗਦੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਜ਼ਰੂਰ ਡਰ ਜਾਵੇਗਾ। ਇਸ ਦੇ ਨਾਲ ਹੀ ਕਾਰ ਦੇ ਪਰਖੱਚੇ ਉੱਡਦੇ ਸਾਫ਼ ਦਿਖਾਈ ਦੇ ਰਹੇ ਹਨ।
ਇਸ ਮੌਕੇ ਬੱਸ ਸਟੈਂਡ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨਵਤੇਜ ਸਿੰਘ ਨਾਂ ਦਾ ਆਦਮੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਉਸ ਦੀ ਪਤਨੀ ਤੇ ਬੇਟੀ ਵੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਨਵਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਕਾਰ ਸਵਾਰ ਨਵਤੇਜ ਸਿੰਘ ਦਿਲ ਦਾ ਮਰੀਜ਼ ਹੈ ਤੇ ਆਪਣੀ ਦਵਾਈ ਲੈਣ ਮੋਗਾ ਗਿਆ ਸੀ ਤੇ ਵਾਪਸੀ ਸਮੇਂ ਜਗਰਾਓਂ ਓਵਰਬ੍ਰਿਜ 'ਤੇ ਕਾਰ ਚਾਲਕ ਨੂੰ ਹਾਰਟ ਅਟੈਕ ਆਇਆ, ਜਿਸ ਕਾਰਨ ਕਾਰ ਆਊਟ ਆਫ਼ ਕੰਟਰੋਲ ਹੋ ਗਈ ਤੇ ਓਵਰਬ੍ਰਿਜ 'ਤੇ ਬਣੇ ਫੁੱਟਪਾਥ ਨੂੰ ਤੋੜਦੀ ਹੋਈ ਓਵਰਬ੍ਰਿਜ ਤੋਂ ਥੱਲੇ ਆ ਡਿੱਗੀ ਪਰ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਖ਼ਮੀ ਕਾਰ ਚਾਲਕ ਸਮੇਤ ਉਸ ਦੇ ਪਰਿਵਾਰ ਨੂੰ ਇਲਾਜ ਲਈ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ