
CCTV 'ਚ ਕੈਦ ਹੋਈ ਸਾਰੀ ਘਟਨਾ
ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪੰਚਸ਼ੀਲ ਵਿਹਾਰ ਦਾ ਇਕ ਕੋਰੀਅਰ ਦੇਣ ਆਏ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਨੌਜਵਾਨਾਂ ਨੇ ਮਿਲ ਕੇ ਕੋਰੀਅਰ ਦੇਣ ਆਏ ਨੌਜਵਾਨ ਦੀ ਮਿਲ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਸ਼ਰੇਆਣ ਰਿਵਾਲਵਰ ਵੀ ਤਾਣ ਲਈ। ਇਹ ਸਾਰੀ ਘਟਨਾ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਜ਼ਖ਼ਮੀ ਨੌਜਵਾਨ ਨੂੰ ਉੱਥੇ ਮੌਜੂਦ ਕੁੱਝ ਲੋਕਾਂ ਨੇ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ।
ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਰਾਭਾ ਨਗਰ ਤਹਿਤ ਚੌਂਕੀ ਰਘੂਨਾਥ ਐਨਕਲੇਵ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ, ਇਕ ਨੌਜਵਾਨ ਕੋਰੀਅਰ ਡਲਿਵਰੀ ਕਰਨ ਲਈ ਪੰਚਸ਼ੀਲ ਵਿਹਾਰ ’ਚ ਆਇਆ ਸੀ, ਜਿਸ ਘਰ ’ਚ ਉਹ ਕੋਰੀਅਰ ਦੇਣ ਗਿਆ ਸੀ, ਉੱਥੋਂ ਦੇ ਲੋਕਾਂ ਨੇ ਕੋਰੀਅਰ ਖੋਲ੍ਹ ਲਿਆ ਸੀ ਪਰ ਕੋਰੀਅਰ ਬੁਆਏ ਦੀ ਪੇਮੈਂਟ ਨਹੀਂ ਕੀਤੀ ਸੀ।
ਜਦੋਂ ਕੋਰੀਅਰ ਬੁਆਏ ਨੇ ਪੇਮੈਂਟ ਮੰਗੀ ਤਾਂ ਉਨ੍ਹਾਂ ਦੀ ਕੋਰੀਅਰ ਬੁਆਏ ਨਾਲ ਝੜਪ ਹੋ ਗਈ। ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਕੋਰੀਅਰ ਬੁਆਏ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸੇ ਦੌਰਾਨ ਹਮਲਾਵਰ ਇਕ ਨੌਜਵਾਨ ਨੇ ਰਿਵਾਲਵਰ ਕੱਢ ਕੇ ਕੋਰੀਅਰ ਬੁਆਏ ਤਾਣ ਲਈ ਸੀ। ਪੁਲਿਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ’ਚ ਦਾਖਲ ਕੋਰੀਅਰ ਬੁਆਏ ਦੇ ਬਿਆਨ ਲੈ ਕੇ ਜਾਂਚ ’ਚ ਵਾਧਾ ਕੀਤਾ ਜਾਵੇਗਾ।