
ਕਿਹਾ- 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੂਰੋਂ- ਦੁਰਾਡਿਉਂ ਆਉਂਦੀਆਂ ਸੰਗਤਾਂ ਨੂੰ ਝੱਲਣੀਆਂ ਪੈਂਦੀਆਂ ਨੇ ਮੁਸ਼ਕਿਲਾਂ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਲਦ ਹੱਲ ਦਾ ਦਿੱਤਾ ਭਰੋਸਾ
ਨਵੀਂ ਦਿੱਲੀ : ਰਾਜ ਸਭਾ ਸਦਨ ਵਿਚ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਿਚ ਸੜਕਾਂ ਦੇ ਰੁਕੇ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ ਗਿਆ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਇਸ ਮਸਲੇ ਦੇ ਹੱਲ ਦਾ ਭਰੋਸਾ ਵੀ ਦਿੱਤਾ ਗਿਆ ਹੈ। ਸਦਨ ਵਿਚ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਮੁਕਤਸਰ-ਮਲੋਟ ਸੜਕ 'ਤੇ ਕਰੀਬ 2013 ਵਿਚ ਪ੍ਰੀ-ਮੈਕਸ ਪਿਆ ਸੀ ਪਰ ਹੁਣ ਉਸ ਸੜਕ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਧਰਤੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਪਰ ਸੜਕਾਂ ਦੀ ਮਾੜੀ ਹਾਲਤ ਕਾਰਨ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਪੁੱਛਿਆ ਕਿ ਇਸ ਸੜਕ ਦਾ ਵਿਕਾਸ ਕਾਰਜ ਕਦੋਂ ਤੱਕ ਪੂਰਾ ਹੋਵੇਗਾ ਜਿਸ ਦੇ ਜਵਾਬ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਟੈਂਡਰ ਪਾਸ ਹੋ ਚੁੱਕਾ ਹੈ ਪਰ ਇਸ ਦੀ ਅਪੋਆਇੰਟਮੈਂਟ ਤਰੀਕ ਨਹੀਂ ਦਿਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਚ ਦੇਰੀ ਇਸ ਕਾਰਨ ਆ ਰਹੀ ਹੈ ਕਿਉਂਕਿ ਇਸ ਦੀ ਜੰਗਲਾਤ ਰਕਬੇ ਦੀ ਕਲੀਅਰੈਂਸ ਨਹੀਂ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਕਰੀਬ 10 ਹੈਕਟੇਅਰ ਜ਼ਮੀਨ ਦੀ ਕਲੀਅਰੈਂਸ ਦਾ ਕੰਮ ਸੂਬਾ ਸਰਕਾਰ ਵਲ ਲਟਕ ਰਿਹਾ ਹੈ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੀਐਫਓ ਵਲੋਂ ਸਟੇਜ ਇੱਕ ਯਾਨੀ ਜੰਗਲਾਤ ਰਕਬੇ ਦੀ ਕਲੀਅਰੈਂਸ ਬਾਰੇ ਤਿੰਨ ਵਾਰ ਲਿਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੰਗਲਾਤ ਮਹਿਕਮੇਂ ਦੇ ਅਫਸਰਾਂ ਵਲੋਂ ਵੀ ਦੋ ਵਾਰ ਲਿਖਤੀ ਰੂਪ ਵਿਚ ਭੇਜਿਆ ਜਾ ਚੁੱਕਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਸੰਸਦ ਮੈਂਬਰ ਵਲੋਂ ਰੱਖੀ ਗਈ ਮੰਗ ਪੂਰੀ ਤਰ੍ਹਾਂ ਜਾਇਜ਼ ਹੈ ਪਰ ਇਹ ਕਲੀਅਰੈਂਸ ਨਾ ਮਿਲਣ ਕਾਰਨ ਹੀ ਦੇਰੀ ਹੋ ਰਹੀ ਹੈ, ਜਦੋਂ ਹੀ ਇਸ ਬਾਰੇ ਸਾਰੀ ਕਲੀਅਰੈਂਸ ਮਿਲੇਗੀ ਉਸ ਸਮੇਂ ਹੀ ਸੜਕ ਦੇ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 18 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਾਂਸਦ ਸੀਚੇਵਾਲ ਨੇ ਹੁਸ਼ਿਆਰਪੁਰ ਤੋਂ ਆਦਮਪੁਰ ਜਾਂਦੀ ਸੜਕ ਵੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈਅੱਡਾ ਵੀ ਬਣ ਚੁੱਕਾ ਹੈ ਪਰ ਉਥੋਂ ਦੀ ਇਹ ਸੜਕ ਖ਼ਸਤਾ ਹਾਲਤ ਵਿਚ ਹੈ। ਇਸ ਦੇ ਜਵਾਬ ਵਿਚ ਮੰਤਰੀ ਨਿਤਿਨ ਗਡਕਰੀ ਨੇ ਭਰੋਸਾ ਦਿਵਾਇਆ ਕਿ ਜੇਕਰ ਉਹ ਨੈਸ਼ਨਲ ਹਾਈਵੇਅ ਹੋਏਗਾ ਤਾਂ ਉਸ ਦਾ ਨਿਰਮਾਣ ਕਾਰਜ ਜ਼ਰੂਰ ਕਰਵਾਇਆ ਜਾਵੇਗਾ।