
ਇੱਕ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ 9 ਕੈਮਿਸਟਾਂ ਨੂੰ ਕਾਬੂ ਕੀਤਾ ਸੀ।
Punjab News - ਡੀ ਫਾਰਮੇਸੀ ਦੇ ਫਰਜ਼ੀ ਸਰਟੀਫਿਕੇਟਾਂ ਦੇ ਮਾਮਲੇ 'ਚ ਪੰਜਾਬ ਦੇ ਕੁਝ ਕੈਮਿਸਟਾਂ 'ਤੇ ਪੁਲਿਸ ਜਾਂਚ ਸ਼ੁਰੂ ਹੋਣ ਵਾਲੀ ਹੈ। ਉਨ੍ਹਾਂ ਨੇ ਆਪਣੇ ਸਰਟੀਫਿਕੇਟ ਵਿਵਾਦਿਤ ਕਾਲਜਾਂ ਤੋਂ ਲਏ ਹਨ, ਇਸ ਲਈ ਕੈਮਿਸਟਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ 9 ਕੈਮਿਸਟਾਂ ਨੂੰ ਕਾਬੂ ਕੀਤਾ ਸੀ।
ਫਿਲਹਾਲ ਪੁੱਛਗਿੱਛ ਦੌਰਾਨ ਕੁਝ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਸੁਪਰਡੈਂਟ ਅਸ਼ੋਕ ਕੁਮਾਰ, ਸਾਬਕਾ ਰਜਿਸਟਰਾਰ ਪ੍ਰਵੀਨ ਕੁਮਾਰ ਅਤੇ ਡਾਕਟਰ ਤੇਜਵੀਰ ਸਿੰਘ ਨੂੰ ਪੁੱਛਗਿੱਛ ਲਈ ਦੁਬਾਰਾ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਲਈ ਹੈ। ਧੋਖਾਧੜੀ ਦੇ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਨੂੰ ਇਹ ਗੱਲ ਸਪੱਸ਼ਟ ਹੋ ਗਈ ਕਿ ਪੰਜਾਬ ਦੇ ਕਾਲਜਾਂ ਦੇ ਸਰਟੀਫਿਕੇਟ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਤਿਆਰ ਕੀਤੇ ਗਏ ਸਨ।
ਇਨ੍ਹਾਂ ਸਰਟੀਫਿਕੇਟਾਂ ਵਿਚੋਂ ਜ਼ਿਆਦਾਤਰ ਦੀ ਵਰਤੋਂ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਅਤੇ ਫਾਰਮਾਸਿਸਟਾਂ ਦੀ ਭਰਤੀ ਲਈ ਕੀਤੀ ਗਈ ਹੈ। ਜਾਂਚ 'ਚ ਕਈ ਵੱਡੇ ਨਾਂ ਸਾਹਮਣੇ ਆ ਸਕਦੇ ਹਨ, ਜਿਸ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਸਾਬਕਾ ਰਜਿਸਟਰਾਰ ਅਤੇ ਮੌਜੂਦਾ ਸੁਪਰਡੈਂਟ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ, ਪਰ ਉਹ ਇਸ ਗਠਜੋੜ ਵਿਚ ਸ਼ਾਮਲ ਕਈ ਕਾਲਜ ਸਟਾਫ਼ ਅਤੇ ਮੁਲਜ਼ਮਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ।
ਹੁਣ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਅਦਾਲਤ ਵਿਚ ਅਰਜ਼ੀ ਦੇਵੇਗੀ ਤਾਂ ਜੋ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ। ਜਦੋਂ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ ਤਾਂ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਅਜਿਹੇ ਅਧਿਕਾਰੀਆਂ ਦੇ ਨਾਂ ਸਾਹਮਣੇ ਆਉਣਗੇ, ਜੋ ਰਿਸ਼ਵਤ ਲੈ ਕੇ ਫਰਜ਼ੀ ਰਿਕਾਰਡ ਦੇ ਸਹਾਰੇ ਦਾਖਲੇ ਤੋਂ ਬਾਅਦ ਸਰਟੀਫਿਕੇਟ ਬਣਾਉਂਦੇ ਸਨ।
(For more news apart from Punjab News, stay tuned to Rozana Spokesman)