
ਲੋਹੜੀ ਦੇ ਤਿਉਹਾਰ ਮੌਕੇ ਇੱਕ ਨੌਜਵਾਨ ਦਾ ਕੱਤਲ ਮਾਮੂਲੀ ਤਕਰਾਰ 'ਚ ਕਰ ਦਿੱਤਾ ਗਿਆ........
ਅੰਮ੍ਰਿਤਸਰ : ਲੋਹੜੀ ਦੇ ਤਿਉਹਾਰ ਮੌਕੇ ਇੱਕ ਨੌਜਵਾਨ ਦਾ ਕੱਤਲ ਮਾਮੂਲੀ ਤਕਰਾਰ 'ਚ ਕਰ ਦਿੱਤਾ ਗਿਆ। ਪੁਲਸ ਵੱਲੋਂ ਦੋਸ਼ੀ ਨਾ ਫੜਨ ਤੇ ਮ੍ਰਿਤਕ ਦੇ ਵਾਰਸਾਂ ਥਾਣਾ ਬੀ. ਡਵੀਜ਼ਨ ਅੱਗੇ ਲਾਸ਼ ਰੱਖ ਕੇ ਧਰਨਾ ਲਾਇਆ। ਇਸ ਮੌਕੇ ਉਚ ਪੁਲਸ ਅਧਿਕਾਰੀ ਪਹੁੰਚੇ ਜਿਨ੍ਹਾਂ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਉਹ ਦੋਸ਼ੀ ਜਲਦੀ ਫੜ ਲੈਣਗੇ। ਇਸ ਭਰੋਸੇ ਬਾਅਦ ਪ੍ਰਭਾਵਿਤ ਪਰਿਵਾਰ ਨੇ ਧਰਨਾ ਸਮਾਪਤ ਕੀਤਾ। ਮ੍ਰਿਤਕ ਦਾ ਨਾਮ ਕੰਵਲਜੀਤ ਸਿੰਘ ਉਰਫ ਮਿੰਕੂ ਹੈ। ਮਿੰਕੂ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੋਇਆ ਸੀ। ਮਿੰਕੂ ਦੇ ਪਰਿਵਾਰਕ ਮੈਂਬਰ ਵਿਆਹ ਦੀ ਖੁਸ਼ੀ ਵਿੱਚ ਲੋਹੜੀ ਮਨਾ ਰਹੇ ਸਨ।
ਉਸਦੇ ਮਾਪਿਆਂ ਨੇ ਮਿੰਕੂ ਨੂੰ ਕੁਝ ਸਮਾਨ ਬਜ਼ਾਰੋਂ ਲਿਆਉਣ ਲਈ ਭੇਜਿਆ ਸੀ।ਸ਼ਹੀਦ ਉਧਮ ਸਿੰਘ ਨਗਰ ਨੇੜੇ ਸੁਲਤਾਨਵਿੰਡ ਵਾਸੀ ਲੋਹੜੀ ਦਾ ਤਿਉਹਾਰ ਮਨਾ ਰਹੇ ਸਨ ਅਤੇ ਗਲੀ ਵਿੱਚ ਹੀ ਕੁਰਸੀਆਂ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਸੀ।ਇਸ ਦੌਰਾਨ ਹੀ ਕੰਵਲਜੀਤ ਸਿੰਘ ਉਰਫ ਮਿੰਕੂ (28) ਤੇਜਨਗਰ ਵਾਸੀ ਮੋਟਰਸਾਈਕਲ ਤੇ ਲੰਘ ਰਿਹਾ ਸੀ। ਉਸਦਾ ਰਸਤੇ ਵਿੱਚ ਝਗੜਾ ਕੁਝ ਵਿਅਕਤੀਆਂ ਨਾਲ ਹੋ ਗਿਆ।
ਇਸ ਝਗੜੇ ਵਿੱਚ ਗੋਲਡੀ ਤੇ ਰਿੰਕੂ ਨੇ ਕੰਵਲਜੀਤ ਸਿੰਘ ਮਿੰਕੂ ਦੀ ਕੁਟਮਾਰ ਕਰਦਿਆਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਹ ਇਸ ਹਮਲੇ 'ਚ ਗੰਭੀਰ ਜਖਮੀ ਹੋ ਗਿਆ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਥਾਣਾ ਬੀ.ਡਵੀਜ਼ਨ ਦੀ ਪੁਲਸ ਨੇ ਦੋਸ਼ੀਆਂ ਖਿਲਾਫ ਦਫਾ 302 ਦਾ ਪਰਜ਼ਾ ਦਰਜ਼ ਕੀਤਾ ਹੈ। ਬਾਅਦ ਵਿੱਚ ਮਿੰਕੂ ਦਾ ਸਸਕਾਰ ਕਰ ਦਿੱਤਾ ਗਿਆ।