
ਸ਼ਮਸ਼ਾਨਘਾਟ ਦੀਆਂ ਟਾਈਲਾਂ ਲਗਾਉਣ ਨੂੰ ਲੈ ਕੇ ਚਲੀ ਗੋਲੀ ’ਚ ਮੌਜੂਦਾ ਤੇ ਸਾਬਕਾ ਸਰਪੰਚ ਦੀ ਮੌਤ
ਡੇਰਾ ਬਾਬਾ ਨਾਨਕ, 14 ਜਨਵਰੀ (ਹੀਰਾ ਸਿੰਘ ਮਾਂਗਟ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਛਰਾਲਾ ਵਿਖੇ ਸ਼ਮਸ਼ਾਨਘਾਟ ਵਿਚ ਟਾਇਲਾਂ ਲਗਾਉਣ ਨੂੰ ਲੈ ਕੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਦੀ ਆਪਸੀ ਗੋਲੀ ਚੱਲਣ ’ਤੇ ਦੋਵਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਪੀ-ਡੀ ਤੇਜਬੀਰ ਸਿੰਘ, ਡੀਐਸਪੀ ਡੇਰਾ ਬਾਬਾ ਨਾਨਕ ਸੁਰਿੰਦਰਪਾਲ ਸਿੰਘ ਤੇ ਐਸਐਚਓ ਅਨਿਲ ਪਵਾਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਪਿੰਡ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਪਿੰਡ ਮਛਰਾਲਾ ਵਿਚ ਸ਼ਮਸ਼ਾਨਘਾਟ ਦੇ ਵਿਕਾਸ ਕਾਰਜ ਕਰਵਾਉਣ ਨੂੰ ਲੈ ਕੇ ਦੋਵਾਂ ਸਰਪੰਚਾਂ ਦੌਰਾਨ ਗੋਲੀ ਚੱਲੀ ਹੈ ਜਿਸ ਨਾਲ ਦੋਵਾਂ ਸਰਪੰਚਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਸਰਪੰਚਾਂ ਵਿਚ ਮਨਜੀਤ ਸਿੰਘ ਮੀਤੂ ਪੁੱਤਰ ਸੁਖਵਿੰਦਰ ਸਿੰਘ ਜੋ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਹੈ ਤੇ ਹਰਦਿਆਲ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਪਹਿਲਾ ਅਕਾਲੀ ਦਲ ਵਲੋਂ ਸਰਪੰਚ ਰਹਿ ਚੁੱਕੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਉਹ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ’ਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।
ਦੌਵੇਂ ਮ੍ਰਿਤਕ ਸਰਪੰਚ ਪਿੰਡ ਮਛਰਾਲਾ ਦੇ ਭਲਵਾਨਾਂ ਦੇ ਇਕੋ ਪਰਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ। ਸਥਾਨਕ ਲੋਕਾਂ ਨੇ ਦਸਿਆ ਕਿ ਪਿੰਡ ਦੀ ਸ਼ਮਸ਼ਾਨਘਾਟ ਵਿਚ ਟਾਇਲਾਂ ਲਗਾਵਾਉਣ ਨੂੰ ਲੈ ਕੇ ਅੱਜ ਸਵੇਰੇ ਕਰੀਬ 9 ਵਜੇਂ ਦੋਵਾਂ ਸਰਪੰਚਾਂ ਵਿਚ ਤਕਰਾਰ ਹੋ ਗਿਆ ਸੀ ਜਿਸ ਦੌਰਾਨ ਦੋਵਾਂ ਨੇ ਹੀ ਆਪਣੇ ਸਾਥੀਆਂ ਸਮੇਤ ਇਕ ਦੂਜੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਨ੍ਹਾਂ ਨਾਲ ਦੋਵਾਂ ਤੇ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ, ਜਿਥੇ ਮੌਜੂਦਾ ਨੌਜਵਾਨ ਸਰਪੰਚ ਮਨਜੀਤ ਸਿੰਘ ਦੀ ਅਮਨਦੀਪ ਹਸਪਤਾਲ ਤੇ ਸਾਬਕਾ ਸਰਪੰਚ ਹਰਦਿਆਲ ਸਿੰਘ ਦੀ ਐਸਕਾਰਟ ਹਸਪਤਾਲ ਵਿਚ ਮੌਤ ਹੋ ਗਈ ਹੈ ਜਦ ਕਿ ਉਨ੍ਹਾਂ ਦੇ 3 ਹੋਰ ਸਾਥੀ ਜੇਰੇ ਇਲਾਜ ਹਨ। ਮੌਕੇ ’ਤੇ ਪੁੱਜੀ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਗੋਲੀਆਂ ਦੇ ਖ਼ਾਲੀ ਖੋਲ ਤੇ ਹੋਰ ਸਬੂਤ ਇਕੱਠੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਤਸਵੀਰ ਕੈਪਸਨ: ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿਖੇ ਗੋਲੀ ਨਾਲ ਮਰਨ ਵਾਲੇ ਸਾਬਕਾ ਸਰਪੰਚ
ਹਰਦਿਆਲ ਸਿੰਘ ਤੇ ਮੌਜੂਦਾ ਸਰਪੰਚ ਮਨਜੀਤ ਸਿੰਘ ਦੀ ਪੁਰਾਣੀ ਤਸਵੀਰ ਤੇ ਗੋਲੀ ਦੌਰਾਨ ਡੁੱਲਿਆ ਹੋਇਆਂ ਖੂਨ
ਤਸਵੀਰ: ਹੀਰਾ ਸਿੰਘ ਮਾਂਗਟ01