
‘ਆਪ’ ਨੂੰ ਰੋਕਣ ਲਈ ਭਾਜਪਾ ਨੇ ਕੈਪਟਨ ਅਤੇ ਢੀਂਡਸਾ ਨਾਲ ਕੀਤੇ ਨੇ ਗੁਪਤ ਸਮਝੌਤੇ : ਮੀਤ ਹੇਅਰ
ਕਿਹਾ, ‘ਆਪ’ ਨੂੰ ਸਾਰੀਆਂ ਪਾਰਟੀਆਂ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਰੋਕਣਾ ਚਾਹੁੰਦੀਆਂ ਹਨ
ਅੰਮ੍ਰਿਤਸਰ, 14 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਵਿਚ ਸ਼ੁਕਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰੰਘ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚਾ ਨੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨਾਲ ਚੋਣਾਂ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਲੜਨ ’ਤੇ ਸਾਰਾ ਖਰਚ ਕਰਨ ਦਾ ਵੀ ਲਾਲਚ ਦਿਤਾ ਹੈ। ਹੇਅਰ ਨੇ ਸਵਾਲ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਫ਼ੰਡਿੰਗ ਆਖ਼ਰ ਕੌਣ ਕਰ ਰਿਹਾ ਹੈ?
ਹੇਅਰ ਨੇ ਪਾਰਟੀ ਆਗੂ ਜਸਪ੍ਰੀਤ ਸਿੰਘ (ਜੋ ਪ੍ਰੈਸ ਕਾਨਫ਼ਰੰਸ ਵਿਚ ਹਾਜ਼ਰ ਸਨ) ਦਾ ਨਾਂਅ ਲੈ ਕੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੇ ਉਸ (ਜਸਪ੍ਰੀਤ ਸਿੰਘ) ਨਾਲ ਚੋਣ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਦਾ ਸਾਰਾ ਖਰਚ ਅਦਾ ਕਰਨ ਦੀ ਪੇਸ਼ਕਸ਼ ਵੀ ਕੀਤੀ। ਭਾਵੇਂ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਪ੍ਰਤੱਖ ਗਠਬੰਧਨ ਕੀਤਾ ਹੈ, ਪਰ ਇਸ ਤੋਂ ਇਲਾਵਾ ਹੋਰ ਕਈ ਗੁਪਤ ਗਠਬੰਧਨ ਵੀ ਕੀਤੇ ਹਨ। ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਆਗੂਆਂ ਨੂੰ ਤੋੜਨ ਦਾ ਦੋਸ਼ ਲਾਇਆ ਹੈ।
ਮੀਤ ਹੇਅਰ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵੇਖ ਕੇ ਸਾਰੀਆਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ‘ਆਪ’ ਦੀ ਸਰਕਾਰ ਰੋਕਣ ਲਈ ਸਾਰੀਆਂ ਅੰਦਰ ਤੋਂ ਇਕ ਹੋ ਗਈਆਂ ਹਨ। ਰਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ, ਕਿਉਂਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੋਰਨਾਂ ਪਾਰਟੀਆਂ ਦਾ ਸਫ਼ਾਇਆ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨਾਲ ਜਿਹੜੇ ਵਾਅਦੇ ਕੀਤੇ, ਉਹ ਸਾਰੇ ਦੇ ਸਾਰੇ ਪੂਰੇ ਕੀਤੇ ਹਨ। ਦਿੱਲੀ ਸਰਕਾਰ ਦਾ ਖ਼ਜ਼ਾਨਾ 30 ਹਜ਼ਾਰ ਕਰੋੜ ਤੋਂ ਵਧਾ ਕੇ 70 ਹਜ਼ਾਰ ਕਰੋੜ ਤਕ ਪਹੁੰਚਾਇਆ ਹੈ। ਕੇਜਰੀਵਾਲ ਸਰਕਾਰ ਦੇ ਕੰਮ ਵੇਖ ਕੇ ਦਿੱਲੀ ਦੇ ਲੋਕਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਭੁਲਾ ਦਿਤਾ ਹੈ। ਇਸ ਲਈ ਸਾਰੀਆਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਰੋਕਣਾ ਚਾਹੁੰਦੀਆਂ ਹਨ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਪਿਛਲੀਆਂ ਸਰਕਾਰਾਂ ਦੇ ਭਿ੍ਰਸ਼ਟਾਚਾਰ ਅਤੇ ਲੁੱਟ- ਘਸੁੱਟ ਤੋਂ ਲੋਕ ਤੰਗ ਆ ਚੁਕੇ ਹਨ। ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਪ੍ਰਭਵੀਰ ਬਰਾੜ ਆਦਿ ਆਗੂ ਵੀ ਹਾਜ਼ਰ ਸਨ।
ਕੈਪਸ਼ਨ- ਏ ਐਸ ਆਰ ਬਹੋੜੂ—14—4— ਮੀਤ ਹੇਅਰ ਅੰਮ੍ਰਿਤਸਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ।