
Fazilka News: ਹੈਦਰਾਬਾਦ ਵਿਖੇ ਨਿਭਾਅ ਰਹੇ ਸਨ ਆਪਣੀਆਂ ਸੇਵਾਵਾਂ
ਭਾਰਤੀ ਫ਼ੌਜ ਵਿਚ ਡਿਊਟੀ ਨਿਭਾਅ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਸੂਬੇਦਾਰ ਫਾਜ਼ਿਲਕਾ ਦੇ ਪਿੰਡ ਬੰਨਾਵਾਲਾ ਦਾ ਰਹਿਣ ਵਾਲਾ ਸੀ। ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਉਮਰ ਲਗਭਗ 45 ਸਾਲ 1811 ਲਾਈਟ ਰੈਜੀਮੈਂਟ ਵਿਚ ਬਤੌਰ ਸੂਬੇਦਾਰ ਆਪਣੀਆਂ ਸੇਵਾਵਾਂ ਹੈਦਰਾਬਾਦ ਵਿਖੇ ਨਿਭਾਅ ਰਹੇ ਸਨ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੇਟ ਵਿਚ ਇਨਫੈਕਸ਼ਨ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਭਰਤੀ ਕਰਵਾਇਆ ਗਿਆ ਸੀ ਪਰ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕ ਦੇਹ ਨੂੰ ਆਰਮੀ ਵਲੋਂ ਉਨ੍ਹਾਂ ਦੇ ਪਿੰਡ ਲਿਆਂਦਾ ਗਿਆ ਅਤੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸੈਨਿਕ ਰਸਮਾਂ ਨਾਲ 16 ਜਨਵਰੀ ਨੂੰ ਸਵੇਰੇ 10 ਵਜੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਣਾ ਹੈ।
ਬਲਜਿੰਦਰ ਸਿੰਘ ਦੀ ਸੇਵਾ ਮੁਕਤੀ ਵਿਚ ਅੱਠ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਸੀ। ਉਨ੍ਹਾਂ ਨੂੰ ਸੈਨਾ ਵਲੋਂ 26 ਜਨਵਰੀ ਨੂੰ ਪਦਉਨਤ ਕਰਕੇ ਆਨਰੇਰੀ ਲੈਫਟੀਨੈਂਟ ਅਤੇ 15 ਅਗਸਤ ਨੂੰ ਆਨਰੇਰੀ ਕੈਪਟਨ ਬਣਾਇਆ ਜਾਣਾ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਲੜਕਾ ਅਤੇ ਲੜਕੀ ਨੂੰ ਛੱਡ ਗਏ ਹਨ।