ਉਕਤ ਦੋਹਾਂ ਵੱਡੀਆਂ ਸ਼ਖ਼ਸੀਅਤਾਂ ਦੀ ਆਮਦ ਦੌਰਾਨ ਬੜੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਬੜਾ ਅਹਿਮ ਦਿਨ ਹੈ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਚ 50ਵੇਂ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਪਹੁੰਚ ਰਹੇ ਹਨ। ਅੱਜ ਦੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗੜਗੱਜ ਨੇ ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ। ਉਧਰ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਦੇ ਸਮਾਗਮ ਵਿਚ ਸ਼ਮੂਲੀਅਤ ਕਰਨ ਦੀ ਥਾਂ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਤੇ ਸਪਸ਼ਟੀਕਰਨ ਦੇਣਗੇ।
ਉਕਤ ਦੋਹਾਂ ਵੱਡੀਆਂ ਸ਼ਖ਼ਸੀਅਤਾਂ ਦੀ ਆਮਦ ਦੌਰਾਨ ਬੜੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹਨ। ਪੂਰਾ ਸ਼ਹਿਰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਹੈ। ਯੂਨੀਵਰਸਿਟੀ ਅਤੇ ਖ਼ਾਸ ਕਰ ਕੇ ਸੱਚਖੰਡ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਖ਼ਾਸ ਸੁਰੱਖਿਆ ਬੰਦੋਬਸਤ ਕਰਨ ਦੀਆਂ ਖ਼ਬਰਾਂ ਹਨ।
ਭਾਵੇਂ ਸਕੱਤਰੇਤ ਅਕਾਲ ਤਖ਼ਤ ਸਾਹਿਬ ਨੇ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ, ਮੁੱਖ ਮੰਤਰੀ ਮਾਨ ਨੂੰ ਪਹਿਲਾਂ ਨਿਸ਼ਚਿਤ ਕੀਤੇ ਸਮੇਂ ਨੂੰ ਤਬਦੀਲ ਕਰਦਿਆਂ ਸਵੇਰ ਦੀ ਥਾਂ ਸ਼ਾਮ ਨੂੰ ਸੱਦਿਆ ਲਿਆ ਸੀ ਪਰ ਮਾਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਸਮਾਂ ਬਦਲਣ ਲਈ ਕਦੇ ਨਹੀਂ ਕਿਹਾ, ਉਹ ਪਹਿਲਾਂ ਵਾਲੇ ਸਮੇਂ ਸਵੇਰ ਵੇਲੇ ਹੀ ਪੁੱਜ ਜਾਣਗੇ। ਅੱਜ ਸੱਭ ਦੀਆਂ ਨਜ਼ਰਾਂ ਜਥੇਦਾਰ ਤੇ ਭਗਵੰਤ ਮਾਨ ਦਰਮਿਆਨ ਦਿਤੇ, ਲਏ ਜਾ ਰਹੇ ਸਪਸ਼ਟੀਕਰਨ ’ਤੇ ਕੇਂਦਰਤ ਹਨ।
