
ਵਿਧਾਨ ਸਭਾ ਵਿਚ ਅੱਜ ਪ੍ਰਵਾਨ ਕੀਤੀ ਕਾਰਜ ਸਲਾਹਕਾਰ ਕਮੇਟੀ ਦੀ ਦੂਜੀ ਰੀਪੋਰਟ ਅਨੁਸਾਰ ਬੈਠਕਾਂ ਦਾ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆ.....
ਚੰਡੀਗੜ੍ਹ : ਵਿਧਾਨ ਸਭਾ ਵਿਚ ਅੱਜ ਪ੍ਰਵਾਨ ਕੀਤੀ ਕਾਰਜ ਸਲਾਹਕਾਰ ਕਮੇਟੀ ਦੀ ਦੂਜੀ ਰੀਪੋਰਟ ਅਨੁਸਾਰ ਬੈਠਕਾਂ ਦਾ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਵਿਚ ਐਲਾਨ ਕੀਤਾ ਕਿ ਸਾਲ 2019-20 ਵਾਸਤੇ ਸਾਲਾਨਾ ਬਜਟ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ 18 ਫ਼ਰਵਰੀ ਨੂੰ ਸਵੇਰੇ 11 ਵਜੇ ਪੇਸ਼ ਕਰਨਗੇ। ਪਹਿਲਾਂ ਬਜਟ ਪ੍ਰਸਤਾਵ ਪੇਸ਼ ਕਰਨ ਦਾ ਸਮਾਂ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਾਲੀ ਬੈਠਕ ਵਿਚ ਰੱਖਿਆ ਗਿਆ ਸੀ। ਬਜਟ ਪ੍ਰਸਤਾਵ 'ਤੇ 2 ਦਿਨਾਂ ਬਹਿਸ ਹੁਣ ਮੰਗਲਵਾਰ 19 ਫ਼ਰਵਰੀ ਦੀ ਛੁੱਟੀ ਮਗਰੋਂ ਬੁੱਧਵਾਰ 2 ਵਜੇ ਵਾਲੀ ਬੈਠਕ ਵਿਚ ਸ਼ੁਰੂ ਕੀਤੀ ਜਾਵੇਗੀ।
ਇਹ ਬਹਿਸ ਸ਼ੁਕਰਵਾਰ 22 ਫ਼ਰਵਰੀ ਨੂੰ ਸਮਾਪਤ ਹੋਵੇਗੀ। ਵੀਰਵਾਰ 21 ਫ਼ਰਵਰੀ ਨੂੰ ਗ਼ੈਰ ਸਰਕਾਰੀ ਕੰਮਕਾਜ ਦੇ ਦਿਨ ਬਜਟ 'ਤੇ ਬਹਿਸ ਨਹੀਂ ਹੋਵੇਗੀ। ਭਲਕੇ ਸ਼ੁਕਰਵਾਰ 15 ਫ਼ਰਵਰੀ ਨੂੰ ਰਾਜਪਾਲ ਦੇ ਭਾਸ਼ਣ 'ਤੇ ਧਨਵਾਦ ਦੇ ਮਤੇ 'ਤੇ ਬਹਿਸ ਸਮਾਪਤੀ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿਚ ਜਵਾਬ ਦੇਣ ਮੌਕੇ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਦੇਣਗੇ।