
ਵਿਧਾਨ ਸਭਾ ਸੈਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਸ਼ਰਮਾ ਵਲੋਂ ਵਹਿਮਾਂ ਭਰਮਾਂ ਨੂੰ ਨੱਥ ਪਾਉਣ ਵਾਸਤੇ....
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਵਿਧਾਨ ਸਭਾ ਸੈਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਸ਼ਰਮਾ ਵਲੋਂ ਵਹਿਮਾਂ ਭਰਮਾਂ ਨੂੰ ਨੱਥ ਪਾਉਣ ਵਾਸਤੇ ਕਾਨੂੰਨ ਬਣਾਉਣ ਲਈ ਇਕ ਮਤਾ ਲਿਆਂਦਾ ਗਿਆ, ਪਰ ਇਸ ਉਤੇ ਗੱਲ ਇੰਨੀ ਵੱਧ ਗਈ ਕਿ ਕਾਂਗਰਸ ਦੇ ਵਿਧਾਇਕ ਕੁਲਜੀਤ ਸਿਂਘ ਨਾਗਰਾ ਉਤੇ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਕਈ ਜ਼ਾਤੀ ਹਮਲੇ ਕਰ ਦਿਤੇ ਅਤੇ ਉਨ੍ਹਾਂ ਦੀ ਪਤਨੀ ਵਿਰੁਧ ਕਈ ਅਯੋਗ ਸ਼ਬਦ ਬੋਲ ਦਿਤੇ। ਇਸ ਬਾਰੇ 'ਸਪੋਕਸਮੈਨ ਟੀਵੀ' ਨਾਲ ਗੱਲਬਾਤ ਕਰਦੇ ਹੋਏ ਨਾਗਰਾ ਨੇ ਦਸਿਆ ਕਿ ਉਨ੍ਹਾਂ ਸਿਰਫ਼ ਇੰਨਾ ਕਿਹਾ ਸੀ ਕਿ ਚਿਹਰਾ ਅਤੇ ਚਰਿੱਤਰ ਆਦਮੀ ਦਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਐਨ.ਕੇ. ਸ਼ਰਮਾ ਵਲੋਂ ਮੇਰੇ ਅਤੇ ਮੇਰੇ ਪਰਵਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਜ਼ਾਤੀ ਹਮਲੇ ਕੀਤੇ ਗਏ। ਕਈ ਗੱਲਾਂ ਅਜਿਹੀਆਂ ਵੀ ਕਹੀਆਂ ਜੋ ਕਿ ਸਦਨ ਵਿਚ ਕਹਿਣ ਯੋਗ ਨਹੀਂ ਸਨ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਨਾਗਰਾ ਅਤੇ ਐਨ.ਕੇ. ਸ਼ਰਮਾ ਦੀ ਪੰਜਾਬ ਪ੍ਰਤੀ ਭਾਵਨਾ ਦਾ ਲੋਕਾਂ ਨੂੰ ਪਤਾ ਲਗਣਾ ਚਾਹੀਦਾ ਹੈ। ਐਨ.ਕੇ. ਸ਼ਰਮਾ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਦੇ ਬਿਜ਼ਨਸ ਐਡਵਾਈਜ਼ਰ ਸਨ। ਹੁਣ ਜੇਕਰ ਐਨ.ਕੇ. ਸ਼ਰਮਾ ਅਤੇ ਉਨ੍ਹਾਂ ਦੀ ਜ਼ਾਇਦਾਦ ਦੀ ਪਿਛਲੇ 12 ਸਾਲਾਂ ਤੋਂ ਜਾਂਚ ਕਰ ਲਈ ਜਾਵੇ ਤਾਂ
ਸਭ ਕੁਝ ਆਪੇ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਰਾਜਨੀਤੀ ਨੂੰ ਬਿਜ਼ਨਸ ਬਣਾ ਕੇ ਸਰਕਾਰ ਦਾ ਖ਼ਜ਼ਾਨਾ ਕਿਵੇਂ ਇਨ੍ਹਾਂ ਦੇ ਘਰ ਗਿਆ ਹੈ ਅਤੇ ਕਿਵੇਂ ਇੰਨੇ ਵੱਡੇ ਬਿਜ਼ਨਸ ਖੜ੍ਹੇ ਹੋਏ ਹਨ ਇਹ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ।