
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਵਲੋਂ ਕਰਤਾਰਪੁਰ ਕੋਰੀਡੋਰ ਤਹਿਤ ਜ਼ਮੀਨ ਮਾਲਕਾਂ ਵਲੋਂ ਦਿਤੇ ਗਏ ਇਤਰਾਜ਼ ਸਬੰਧੀ.....
ਗੁਰਦਾਸਪੁਰ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਵਲੋਂ ਕਰਤਾਰਪੁਰ ਕੋਰੀਡੋਰ ਤਹਿਤ ਜ਼ਮੀਨ ਮਾਲਕਾਂ ਵਲੋਂ ਦਿਤੇ ਗਏ ਇਤਰਾਜ਼ ਸਬੰਧੀ ਅੱਜ ਲਗਾਤਾਰ ਦੂਸਰੇ ਦਿਨ ਵੀ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਤੇ ਵਿਸਥਾਰ ਵਿਚ ਉਨ੍ਹਾਂ ਨਾਲ ਕੀਤੇ ਜਾ ਰਹੇ ਇਤਰਾਜ਼ਾਂ ਨੂੰ ਸੁਣਿਆ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਖਵਾਲੀ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਵਾਜ਼ਬ ਰੇਟ ਦਿਵਾਏ ਜਾਣਗੇ। ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਜ਼ਮੀਨ ਮਾਲਕ ਮੌਜੂਦ ਸਨ।
ਪੰਚਾਇਤ ਭਵਨ ਵਿਖੇ ਜ਼ਮੀਨ ਮਾਲਕਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨ ਮਾਲਕ ਬਿਨਾਂ ਕਿਸੇ ਝਿਜਕ ਦੇ ਅਪਣੀ ਗੱਲ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਵਲੋਂ ਨੈਸ਼ਨਲ ਹਾਈਵੇਅ ਅਥਾਰਟੀ ਐਕਟ 1956 ਤਹਿਤ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਅਤੇ ਜ਼ਮੀਨ ਦੇ ਕੀਮਤ ਅਦਾ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਡੇਰਾ ਬਾਬਾ ਨਾਨਕ ਦੇ ਸਮੂਹ ਜ਼ਮੀਨ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਤਾਰਪੁਰ ਕੋਰੀਡੋਰ ਬਣਨ ਲਈ ਅੱਗੇ ਆਉਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਮੈਨੂੰ ਮਿਲ ਕੇ ਅਪਣੇ ਇਤਰਾਜ਼ ਜ਼ਰੂਰ ਦੱਸਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਲਈ ਇਹ ਖ਼ੁਸ਼ਕਿਸਮਤ ਵਾਲੀ ਗੱਲ ਹੈ ਕਿ ਅਸੀਂ ਇਸ ਮਹਾਨ ਕਾਰਜ ਦਾ ਹਿੱਸਾ ਬਣਨ ਜਾ ਰਹੇ ਹਾਂ ਅਤੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਸੰਗਤਾਂ ਵਲੋਂ ਲਾਘਾਂ ਖੁਲ੍ਹਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਜੋ ਪੂਰੀਆਂ ਹੋਣ ਜਾ ਰਹੀਆਂ ਹਨ। ਇਸ ਮੌਕੇ ਕਈ ਸੀਨੀਅਰ ਅਧਿਕਾਰੀ ਤੇ ਹਲਕੇ ਦੇ ਕਿਸਾਨ ਮੌਜੂਦ ਸਨ।