ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਪੰਜਾਬ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਸਪੋਕਸਮੈਨ ਟੀਵੀ ਵਲੋਂ ਗੱਲਬਾਤ ਕਰਦੇ ਹੋਏ ਕੁੱਝ ਅਹਿਮ.....
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਪੰਜਾਬ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਸਪੋਕਸਮੈਨ ਟੀਵੀ ਵਲੋਂ ਗੱਲਬਾਤ ਕਰਦੇ ਹੋਏ ਕੁੱਝ ਅਹਿਮ ਸਵਾਲ ਪੁੱਛੇ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਬਿਜਲੀ ਅੰਦੋਲਨ ਦਾ ਮੁੱਦਾ ਵੱਡੇ ਪੱਧਰ 'ਤੇ ਚੁੱਕਣ ਨੂੰ ਲੈ ਕੇ ਕਾਂਗੜ ਨੇ ਦਸਿਆ ਕਿ ਆਪ ਪਾਰਟੀ ਇਕ ਝੂਠ ਦਾ ਪਲੰਦਾ ਹੈ। ਭਗਵੰਤ ਮਾਨ ਦਾ ਕੰਮ ਸਿਰਫ਼ ਲੋਕਾਂ ਨੂੰ ਝੂਠ ਮਾਰ ਕੇ ਹਸਾਉਣਾ ਹੈ। ਜਿਹੜਾ ਅੰਦੋਲਨ ਆਪ ਵਲੋਂ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਝੂਠ ਹੈ।
ਉਨ੍ਹਾਂ ਕਿਹਾ ਕਿ ਆਪ ਸਾਡੇ ਨਾਲ ਆਹਮੋ ਸਾਹਮਣੇ ਬੈਠ ਕੇ ਦਿੱਲੀ 'ਚ ਬਿਜਲੀ ਦੇ ਰੇਟਾਂ ਅਤੇ ਪੰਜਾਬ ਵਿਚ ਬਿਜਲੀ ਦੇ ਰੇਟਾਂ ਵਿਚਕਾਰ ਫ਼ਰਕ ਕਰ ਸਕਦੀ ਹੈ। ਪੰਜਾਬ ਵਿਚ ਬਿਜਲੀ ਦਿੱਲੀ ਨਾਲੋਂ ਕਿਤੇ ਗੁਣਾ ਸਸਤੀ ਹੈ। ਇਡੰਸਟਰੀਆਂ ਨੂੰ ਬਿਜਲੀ ਸਸਤੀ ਦੇਣ ਦੇ ਕੈਪਟਨ ਸਰਕਾਰ ਦੇ ਵਾਅਦੇ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਕਾਂਗੜ ਨੇ ਦਸਿਆ ਕਿ ਪਿਛਲੇ 10 ਸਾਲਾਂ ਵਿਚ ਲੁਧਿਆਣਾ, ਖੰਨਾ ਅਤੇ ਗੋਬਿੰਦਗੜ੍ਹ ਵਿਚ ਪੂਰੀ ਤਰ੍ਹਾਂ ਇਡੰਸਟਰੀ ਖ਼ਤਮ ਹੋ ਚੁੱਕੀ ਸੀ ਅਤੇ ਪਰਵਾਰ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਗਏ ਸਨ ਪਰ ਅੱਜ ਉਨ੍ਹਾਂ ਦੇ ਚਿਹਰੇ 'ਤੇ ਇੰਨੀ ਜ਼ਿਆਦਾ ਰੌਣਕ ਹੈ ਕਿ ਉਹ ਸਾਨੂੰ ਵਧਾਈਆਂ ਦੇਣ ਖ਼ੁਦ ਆਏ।
ਜਿਹੜਾ ਅਸੀਂ 5 ਰੁਪਏ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ ਉਹ ਅਸੀਂ ਪੂਰਾ ਕੀਤਾ ਹੈ। ਹੁਣ ਵੀ ਕਈ ਵੱਡੀਆ ਇੰਡਸਟਰੀਆਂ ਪੰਜਾਬ ਵਿਚ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਵੀ ਬਹੁਤ ਵਧੀਆ ਸਕੀਮ ਹੈ। ਪਿਛਲੀ ਵਾਰ ਵੀ 8 ਘੰਟੇ ਬਿਜਲੀ ਮੁਹਈਆ ਕਰਵਾਈ ਗਈ ਸੀ। ਇਸ ਵਾਰ ਵੀ ਵਧੀਆ ਸਹੂਲਤ ਦਿਤੀ ਜਾਵੇਗੀ। ਅਮਨ ਅਰੋੜਾ ਵਲੋਂ ਕਾਂਗਰਸ 'ਤੇ ਦੋਸ਼ ਲਾਇਆ ਗਿਆ ਕਿ ਵਿਰੋਧੀ ਧਿਰ ਦੀਆਂ ਗੱਲਾਂ ਦਾ ਜਵਾਬ ਨਹੀਂ ਦਿਤਾ ਜਾ ਰਿਹਾ ਇਸ ਬਾਰੇ ਗੱਲਬਾਤ ਕਰਦੇ ਉਨ੍ਹਾਂ ਦਸਿਆ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਵਿਸ਼ਵਾਸ ਨਾਲ ਸਾਨੂੰ ਬਹੁਮਤ ਦਿਵਾਈ ਹੈ
ਇਸ ਲਈ ਅਸੀਂ ਹਰੇਕ ਵਿਰੋਧੀ ਧਿਰ ਦੀ ਗੱਲ ਸੁਣਾਂਗੇ। ਅਤੇ ਸੁਣੀ ਵੀ ਗਈ ਹੈ ਪਰ ਫਿਰ ਵੀ ਜੇਕਰ ਅਖ਼ਬਾਰ ਦੀ ਖ਼ਬਰ ਬਣਨ ਦੀ ਅਰੋੜਾ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਨਹੀਂ ਹੋ ਸਕਦਾ।