
ਪੇਂਡੂ ਭਾਰਤ ਅਤੇ ਖੇਤੀਬਾੜੀ ਹੀ ਸਾਡੇ ਲਈ ਮੁੱਖ ਏਜੰਡਾ ਹੈ : ਸੰਯੁਕਤ ਕਿਸਾਨ ਮੋਰਚਾ
ਚੰਡੀਗੜ੍ਹ, 14 ਫ਼ਰਵਰੀ (ਪ੍ਰਮੋਦ ਕੌਸ਼ਲ) : ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਜਿਥੇ ਉਸ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਉਥੇ ਹੀ ਉਨ੍ਹਾਂ ਭਾਜਪਾ ਆਗੂਆਂ ਨੂੰ ਚੇਤਾਵਨੀ ਦਿਤੀ ਕਿ ਲੋਕ ਅਜਿਹੇ ਮੰਤਰੀਆਂ ਅਤੇ ਅਜਿਹੇ ਆਗੂਆਂ ਜਿਹੜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ, ਦੇ ਹੰਕਾਰ ਲਈ ਸਹੀ ਸਬਕ ਸਿਖਾਉਣਗੇ।
ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਗ੍ਰਹਿ ਜ਼ਿਲ੍ਹੇ ਦੇ ਕਸਬਾ ਇੰਦਰੀ ਵਿਚ ਕਿਸਾਨ ਮਹਾਂਪੰਚਾਇਤ ਮੌਕੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇ ਝੂਠੇ ਦੇ ਰਾਸ਼ਟਰਵਾਦ ਦੇ ਉਲਟ, ਇਸ ਦੇਸ਼ ਦੇ ਕਿਸਾਨ ਸੱਚਮੁੱਚ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਵੱਕਾਰ ਦੀ ਰਾਖੀ ਲਈ ਵੀ ਸਮਰਪਿਤ ਹਨ। ਇਸ ਕਿਸਾਨ ਮਹਾਂਪੰਚਾਇਤ ਦੌਰਾਨ ਭਾਰਤ ਦੇ ਸ਼ਹੀਦ ਜਵਾਨਾਂ ਅਤੇ ਮੌਜੂਦਾ ਲਹਿਰ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵੱਖ ਵੱਖ ਕੋਸ਼ਿਸ਼ਾਂ ਦੇ ਬਾਵਜੂਦ ਵੱਖ-ਵੱਖ ਰਾਜਾਂ ਅਤੇ ਧਰਮਾਂ ਦੇ ਕਿਸਾਨਾਂ ਨੇ ਮਿਲ ਕੇ ਲੜਨ ਦਾ ਜੋ ਅਹਿਦ ਲਿਆ ਹੈ ਸਰਕਾਰ ਲਈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਏਕਤਾ ਹਰ ਮਹਾਂਪੰਚਾਇਤ ਨਾਲ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਐਸਕੇਐਮ ਆਗੂਆਂ ਨੇ ਕਿਹਾ ਕਿ,“ਪੇਂਡੂ ਭਾਰਤ ਅਤੇ ਖੇਤੀਬਾੜੀ ਉਨ੍ਹਾਂ ਲਈ ਮੁੱਖ ਏਜੰਡਾ ਹੈ।’’ ਐਸਕੇਐਮ ਨੇ ਇਸ ਤੱਥ ਦੀ ਨਿੰਦਾ ਕੀਤੀ ਕਿ ਸਰਕਾਰ ਸੰਸਦ ਵਿਚ ਬਿਨਾਂ ਕਿਸੇ ਸ਼ਰਮ ਦੇ ਸਵੀਕਾਰ ਕਰ ਰਹੀ ਸੀ ਕਿ ਉਨ੍ਹਾਂ ਕੋਲ ਉਨ੍ਹਾਂ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ ਜੋ ਚਲ ਰਹੇ ਅੰਦੋਲਨ ਵਿਚ ਸ਼ਹੀਦ ਹੋਏ ਨੇ। ਉਨ੍ਹਾਂ ਕਿਹਾ ਕਿ ਐਸਕੇਐਮ ਇਨ੍ਹਾਂ ਸ਼ਹੀਦ ਹੋਏ ਕਿਸਾਨਾਂ ਦੀ ਜਾਣਕਾਰੀ ਬਾਰੇ ਇਕ ਬਲਾਗ ਸਾਈਟ ਚਲਾ ਰਿਹਾ ਹੈ, ਜੇ ਸਰਕਾਰ ਪ੍ਰਵਾਹ ਕਰਦੀ ਹੈ, ਤਾਂ ਡਾਟਾ ਆਸਾਨੀ ਨਾਲ ਉਥੇ ਉਪਲਭਧ ਹੈ। ਉਨ੍ਹਾਂ ਕਿਹਾ,“ਇਹ ਉਹੀ ਬੇਰਹਿਮੀ ਹੈ ਜਿਸ ਨੇ ਹੁਣ ਤਕ ਲੋਕਾਂ ਦੀ ਜਾਨ ਲੈ ਲਈ ਹੈ।’’ ਉਨ੍ਹਾਂ ਇਥੋਂ ਤਕ ਕਹਿੰਦੇ ਹੋਏ ਚੇਤਾਵਨੀ ਦਿਤੀ ਕਿ ਹੁਣ ਭਾਜਪਾ ਦੇ ਦਿਨ ਪੂਰੇ ਹੋ ਗਏ ਹਨ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਗ ਰਹੇ ਹਨ ਅਤੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਪੁਲਵਾਮਾ ਦੇ ਸ਼ਹੀਦ ਜਵਾਨਾਂ ਅਤੇ ਇਸ ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਯਾਦ ਕਰਨ ਲਈ ਵੀ ਦੇਰ ਸ਼ਾਮ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵੱਖ ਵੱਖ ਜ਼ਿਲਿ੍ਹਆਂ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਮੋਮਬੱਤੀ ਮਾਰਚ, ਮਸ਼ਾਲ ਜਲੂਸ ਕੱਢੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ, ਵੱਧ ਤੋਂ ਵੱਧ ਕਿਸਾਨਾਂ ਦੇ ਦਿੱਲੀ ਧਰਨਿਆਂ ਵਿਚ ਸ਼ਾਮਲ ਹੋਣ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ।
ਇਹ ਸਿਰਫ਼ ਸਮੇਂ ਦੀ ਗੱਲ ਹੈ ਕਿ ਸਰਕਾਰ ਨੂੰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪੈਣਗੀਆਂ।
3hd_Parmod_14_2: ਕਰਨਾਲ ਦੇ ਇੰਦਰੀ ਵਿਖੇ ਹੋਈ ਮਹਾਂਪੰਚਾਇਤ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਕਿਸਾਨ (ਫੋਟੋ: ਰਾਜੂ ਮਹੰਤ)
3hd_Parmod_14_2 1: ਸ਼ਾਮ ਸਮੇਂ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਅਤੇ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਮੋਮਬੱਤੀਆਂ ਹੱਥਾਂ ‘ਚ ਫੜ ਕੇ ਯਾਦ ਕੀਤਾ ਗਿਆ (ਫੋਟੋ: ਰਾਜੂ ਮਹੰਤ)