
ਚੰਨੀ ਦੀ ਉਡਾਣ ਦੋ ਵਾਰ ਰੋਕ ਕੇ ਮੋਦੀ ਨੇ ਫ਼ਿਰੋਜ਼ਪੁਰ ਦਾ ਬਦਲਾ ਲਿਆ?
ਚੰਡੀਗੜ੍ਹ ਹੈਲੀਕਾਪਟਰ ਰੋਕੇ ਜਾਣ ਨਾਲ ਮੁੱਖ ਮੰਤਰੀ ਰਾਹੁਲ ਗਾਂਧੀ ਦੀ ਹੁਸ਼ਿਆਰਪੁਰ ਰੈਲੀ 'ਚ ਨਾ ਪਹੁੰਚ ਸਕੇ ਅਤੇ ਦੂਜੀ ਵਾਰ ਸੁਜਾਨਪੁਰ ਉਡਾਣ ਰੋਕ ਕੇ ਜਲੰਧਰ ਵਲ ਜਾਣ ਦੇ ਰਾਹ 'ਚ ਰੁਕਾਵਟ ਪਾਈ ਗਈ
ਚੰਡੀਗੜ੍ਹ, 14 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਅੱਜ ਪੰਜਾਬ ਵਿਧਾਨ ਸਭਾ ਦੀ ਚੋਣ ਮੁਹਿੰਮ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੀ ਆੜ ਹੇਠ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਦੀ ਉਡਾਣ ਨੂੰ ਦੋ ਵਾਰ ਰੋਕਿਆ ਗਿਆ | ਇਸ ਨਾਲ ਨਵਾਂ ਵਿਵਾਦ ਛਿੜ ਗਿਆ ਹੈ | ਇਸ ਨੂੰ ਫ਼ਿਰੋਜ਼ਪੁਰ ਦੌਰੇ ਸਮੇਂ ਪ੍ਰਧਾਨ ਮੰਤਰੀ ਵਲੋਂ ਵਿਚਕਾਰੋਂ ਹੀ ਰਸਤੇ 'ਚੋਂ ਵਾਪਸੀ ਦੇ ਵਾਪਰੇ ਘਟਨਾਕ੍ਰਮ ਦਾ ਬਦਲਾ ਮੰਨਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਚੋਣ ਮੁਹਿੰਮ ਦੇ ਸਬੰਧ 'ਚ ਬਾਅਦ ਦੁਪਹਿਰ ਪੰਜਾਬ 'ਚ ਜਲੰਧਰ ਦੇ ਦੌਰੇ ਉਪਰ ਆ ਰਹੇ ਸਨ ਅਤੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਵੀ ਚੋਣ ਮੁਹਿੰਮ ਦੇ ਸਬੰਧ ਵਿਚ ਪੰਜਾਬ ਦੌਰੇ 'ਤੇ ਸਨ |
ਮੁੱਖ ਮੰਤਰੀ ਦਾ ਹੈਲੀਕਾਪਟਰ ਉਡਾਣ ਭਰਨ ਸਮੇਂ ਚੰਡੀਗੜ੍ਹ ਤੋਂ ਰੋਕੇ ਜਾਣ ਕਾਰਨ ਉਹ ਹੁਸ਼ਿਆਰਪੁਰ ਰਾਹੁਲ ਗਾਂਧੀ ਦੀ ਰੈਲੀ 'ਚ ਵੀ ਨਾ ਪਹੁੰਚ ਸਕੇ | ਦੂਜੀ ਵਾਰ ਸੁਜਾਨਪੁਰ ਉਡਾਣ ਰੋਕੇ ਜਾਣ ਕਾਰਨ ਉਨ੍ਹਾਂ ਦੇ ਜਲੰਧਰ ਪਹੁੰਚਣ 'ਚ ਰੁਕਾਵਟ ਪਈ ਅਤੇ ਉਹ ਆਖ਼ਰ ਸੜਕ ਦੇ ਰਸਤਿਓਾ ਨਿਰਧਾਰਤ
ਪ੍ਰੋਗਰਾਮ ਦੇ ਸਮੇਂ ਤੋਂ ਬਹੁਤ ਲੇਟ ਉਥੇ ਪਹੁੰਚ ਸਕੇ |
ਅੱਜ ਸਵੇਰੇ ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਕਾਂਗਰਸ ਭਵਨ 'ਚ ਪ੍ਰੈਸ ਕਾਨਫ਼ਰੰਸ ਕਰਨ ਮਗਰੋਂ 11 ਵਜੇ ਹੈਲੀਪੈਡ ਉਪਰ ਪਹੁੰਚ ਕੇ ਹੈਲੀਕਾਪਟਰ 'ਚ ਉਡਾਣ ਭਰਨ ਗਏ ਤਾਂ ਪਾਇਲਟ ਨੇ ਉਨ੍ਹਾਂ ਨੂੰ ਕਿਹਾ ਕਿ ਕੇਂਦਰੀ ਮੰਤਰਾਲੇ ਦੀ ਮਨਜ਼ੂਰੀ ਨਹੀਂ ਹੈ | ਇਸਦਾ ਕਾਰਨ ਪ੍ਰਧਾਨ ਮੰਤਰੀ ਦੇ ਜਲੰਧਰ ਪਹੁੰਚਣ ਕਾਰਨ ਸੁਰੱਖਿਆ ਪ੍ਰੋਟੋਕਾਲ ਦੇ ਮੱਦੇਨਜ਼ਰ ਸਬੰਧਤ ਰੂਟ ਵਾਲੇ ਏਰੀਏ ਨੂੰ 'ਨੋ ਫ਼ਲਾਈ ਜ਼ੋਨ' ਐਲਾਨਿਆ ਗਿਆ ਹੈ | ਪਰ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਪਹਿਲਾਂ ਮਨਜ਼ੂਰੀ ਸੀ ਪਰ ਐਨ ਮੌਕੇ ਉਡਾਣ ਰੋਕੀ ਗਈ | ਚੰਡੀਗੜ੍ਹ ਚੰਨੀ ਉਡਾਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਹੈਲੀਕਾਪਟਰ 'ਚ ਹੀ ਕਈ ਘੰਟੇ ਉਡੀਕ 'ਚ ਬੈਠੇ ਰਹੇੇ | ਆਖ਼ਰ ਮਨਜ਼ੂਰੀ ਮਿਲਣ ਤੋਂ ਬਾਅਦ ਗੁਰਦਾਸਪੁਰ ਵੱਲ ਰਵਾਨਾ ਹੋਏ, ਜਿਥੇ ਰਾਹੁਲ ਗਾਂਧੀ ਦੀ ਦੂਜੀ ਰੈਲੀ ਸੀ ਪਰ ਸੁਜਾਨਪੁਰ ਵਿਖੇ ਚੰਨੀ ਦਾ ਹੈਲੀਕਾਪਟਰ ਅੱਗੇ ਉਡਣ ਤੋਂ ਮੁੜ ਰੋਕ ਦਿਤਾ ਗਿਆ | ਚੰਨੀ ਨੇ ਸਬੰਧਤ ਕੇਂਦਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਮੈਨੂੰ ਕਿਉਂ ਰੋਕਿਆ ਜਾ ਰਿਹਾ ਹੈ | ਜੇ ਪ੍ਰਧਾਨ ਮੰਤਰੀ ਆਏ ਹਨ ਤਾਂ ਕੋਈ ਗੱਲ ਨਹੀਂ ਪਰ ਮੈਂ ਮੁੱਖ ਮੰਤਰੀ ਹੋਣ ਕਾਰਨ ਆਪਣੇ ਰੂਟ 'ਤੇ ਉਡ ਸਕਦਾ ਹਾਂ | ਪਰ ਜਦੋਂ ਕੋਈ ਗੱਲ ਨਾ ਬਣੀ ਤਾਂ ਉਹ ਸੜਕ ਰਸਤੇ ਹੀ ਆਪਣੇ ਕਾਫ਼ਲੇ ਨਾਲ ਜਲੰਧਰ ਵੱਲ ਨਿਰਾਸ਼ ਹੋ ਕੇ ਦੁਖੀ ਮਨ ਨਾਲ ਚੱਲ ਪਏ | ਜ਼ਿਕਰਯੋਗ ਹੈ ਕਿ ਪ੍ਰਧਾਂਨ ਮੰਤਰੀ ਨੇ ਜਲੰਧਰ ਰੈਲੀ ਦੌਰਾਨ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਆਪਣੇ ਨਾਲ ਵਾਪਰੀ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ | ਇਸ ਤੋਂ ਸੰਕੇਤ ਸਾਫ਼ ਸੀ ਕਿ ਚੰਨੀ ਤੋਂ ਫ਼ਿਰੋਜ਼ਪੁਰ ਦਾ ਬਦਲਾ ਲਿਆ ਗਿਆ ਹੈ | ਮੋਦੀ ਨੇ ਪੁਰਾਣੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਅਤੇ ਉਸ ਸਮੇਂ ਭਾਜਪਾ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਿਆ ਹੋਇਆ ਸੀ | ਉਦੋਂ ਪਠਾਨਕੋਟ ਤੋਂ ਹਿਮਾਚਲ ਜਾਂਦੇ ਸਮੇਂ ਮੇਰਾ ਹੈਲੀਕਾਪਟਰ ਰੋਕ ਦਿਤਾ ਗਿਆ ਸੀ ਅਤੇ ਉਦੋਂ ਉਸ ਸਮੇਂ ਕਾਂਗਰਸ ਨੇਤਾ ਰਾਹੁਲ ਗਾਂਧੀ ਅੰਮਿ੍ਤਸਰ ਆ ਰਹੇ ਸਨ | ਇਸੇ ਕਾਰਨ ਮੇਰਾ ਹੈਲੀਕਾਪਟਰ ਰੋਕਿਆ ਗਿਆ | ਉਨ੍ਹਾਂ ਕਿਹਾ ਕਿ ਉਸ ਸਮੇਂ ਰਾਹੁਲ ਇਕ ਸੰਸਦ ਮੈਂਬਰ ਸਨ ਪਰ ਉਸਨੂੰ ਸੱਤਾ ਦਾ ਘਮੰਡ ਸੀ | ਇਸ ਘਟਨਾ ਕਾਰਨ ਮੈਨੂੰ ਹਿਮਾਚਲ ਦੀਆਂ ਰੈਲੀਆਂ ਰੱਦ ਕਰਨੀਆਂ ਪਈਆਂ ਸਨ |
ਚੰਨੀ ਬੋਲੇ, ਮੈਂ ਸੂਬੇ ਦਾ ਮੁੱਖ ਮੰਤਰੀ ਹਾਂ ਕੋਈ ਅਤਿਵਾਦੀ ਨਹੀਂ, ਪਰ ਮੇਰੇ ਨਾਲ ਅਜਿਹਾ ਕਿਉਂ ਕੀਤਾ?
ਦੋ ਵਾਰ ਉਡਾਣ ਰੋਕ ਕੇ ਰਾਹੁਲ ਦੇ ਪ੍ਰੋਗਰਾਮ 'ਚ ਪਹੁੰਚਣ ਤੋਂ ਰੋਕਣ ਤੇ ਪ੍ਰੇਸ਼ਾਨ ਕੀਤੇ ਜਾਣ 'ਤੇ ਮੁੱਖ ਮੰਤਰੀ ਚੰਨੀ ਵੀ ਖਾਸੇ ਨਾਰਾਜ਼ ਦਿਖੇ | ਉਨ੍ਹਾਂ ਕਿਹਾ ਕਿ ਮੈਂ ਸੂਬੇ ਦਾ ਮੁੱਖ ਮੰਤਰੀ ਹਾਂ ਕੋਈ ਅਤਿਵਾਦੀ ਨਹੀਂ | ਉਨ੍ਹਾਂ ਸਵਾਲ ਪੁੱਛਿਆ ਕਿ ਮੇਰੇ ਨਾਲ ਅਜਿਹਾ ਵਰਤਾਓ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਂ ਹੇਠ ਕਿਉਂ ਕੀਤਾ ਗਿਆ? ਇਹ ਰਾਜਨੀਤਕ ਕਾਰਨਾਂ ਕਾਰਨ ਹੀ ਕੀਤਾ ਗਿਆ ਹੈ | ਕਾਂਗਰਸ ਦੇ ਚੋਣ ਪ੍ਰਚਾਰ 'ਚ ਰੁਕਾਵਟਾਂ ਪਾਉਣ ਲਈ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਗਿਆ |
ਡੱਬੀ
ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਇਸ ਤਰ੍ਹਾਂ ਰੋਕਣਾ ਅਤੀ ਸ਼ਰਮਨਾਕ : ਜਾਖੜ
ਪੰਜਾਬ ਕਾਂਗਰਸ ਦੇ ਸਾਬਕਾ ਅਤੇ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚੰਨੀ ਦੀ ਉਡਾਣ ਰੋਕੇ ਜਾਣ 'ਤੇ ਸਖ਼ਤ ਪ੍ਰਤੀਕਰਮ ਦਿਤਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੇਂਦਰੀ ਪ੍ਰਬੰਧਕਾਂ ਵਲੋਂ ਸੂਬੇ 'ਚ ਮੁੱਖ ਮੰਤਰੀ ਦਾ ਹੈਲੀਕਾਪਟਰ ਦੋ ਵਾਰ ਰੋਕ ਲੈਣਾ ਅਤੀ ਸ਼ਰਮਨਾਕ ਹੈ | ਉਨ੍ਹਾਂ ਕਿਹਾ ਕਿ ਇਸਦਾ ਚੋਣ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ | ਜੇ ਕਮਿਸ਼ਨ ਨੋਟਿਸ ਨਹੀਂ ਲੈਂਦਾ ਤਾਂ ਸਮਝਿਆ ਜਾਵੇਗਾ ਕਿ ਚੋਣਾਂ ਮਹਿਜ਼ ਦਿਖਾਵਾ ਹੀ ਹਨ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਸਵਾਲ ਕੀਤਾ ਕਿ ਫ਼ਿਰੋਜ਼ਪੁਰ ਕੁਦਰਤੀ ਕਾਰਨ ਰੁਕਾਵਟ ਪੈਣ 'ਤੇ ਆਮ ਬਹੁਤ ਅੱਗ ਬਬੂਲਾ ਹੋ ਕੇ ਵਾਪਸ ਪਰਤੇ ਸੀ ਪਰ ਹੁਣ ਦੱਸੋ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਉਸਦੇ ਹੀ ਰਾਜ 'ਚ ਉਡਾਣ ਭਰਨ ਤੋਂ ਰੋਕ ਦੇਣ ਦਾ ਕੀ ਕਾਰਨ ਹੈ?