
ਭਾਜਪਾ ਦੇ ਕੁੱਝ ਆਗੂ ਅਗਲੇ ਕੁੱਝ ਦਿਨਾਂ ’ਚ ਜੇਲ ਵਿਚ ਹੋਣਗੇ
ਮੁੰਬਈ, 14 ਫ਼ਰਵਰੀ : ਸ਼ਿਵਸੈਨਾ ਸਾਂਸਦ ਸੰਜੇ ਰਾਊਤ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕੇਂਦਰੀ ਏਜੰਸੀਆਂ ਦੇ ਇਸਤੇਮਾਲ ਦੀ ਧਮਕੀ ਨਹੀਂ ਦੇਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਕੁੱਝ ਆਗੂ ਆਉਣ ਵਾਲੇ ਕੁੱਝ ਦਿਨਾਂ ਵਿਚ ਜੇਲ ਵਿਚ ਹੋਣਗੇ। ਰਾਊਤ ਨੇ ਹਾਲਾਂਕਿ ਉਨ੍ਹਾਂ ਆਗੂਆਂ ਦੇ ਨਾਂ ਨਹੀਂ ਦੱਸੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਮੰਗਲਵਾਰ ਨੂੰ ਮੁੰਬਈ ਵਿਚ ਸ਼ਿਵਸੈਨਾ ਦੇ ਮੁੱਖ ਦਫ਼ਤਰ ਵਿਚ ਪੱਤਰਕਾਰ ਵਾਰਤਾ ਦੌਰਾਨ ਇਸ ਦਾ ਪ੍ਰਗਟਾਵਾ ਕਰਨਗੇ। ਪੱਤਰਕਾਰ ਵਾਰਤਾ ਵਿਚ ਪਾਰਟੀ ਦੇ ਪ੍ਰਮੁਖ ਆਗੂ ਵੀ ਮੌਜੂਦ ਰਹਿਣਗੇ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਸਾਲ ਨਵੰਬਰ ਵਿਚ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਵਲੋਂ ਗ੍ਰਿਫ਼ਤਾਰ ਸੂਬੇ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਜਲਦੀ ਹੀ ਜੇਲ ’ਚੋਂ ਬਾਹਰ ਆਉਣਗੇ। ਭਾਜਪਾ ਨੇ ਅਤੀਤ ਵਿਚ ਮਹਾਂਰਾਸ਼ਟਰ ਵਿਚ ਉਧਵ ਠਾਕਰੇ ਦੀ ਅਗਵਾਈ ਵਾਲੀ ‘ਮਹਾਂ ਵਿਕਾਸ ਅਗਾੜੀ’ ਸਰਕਾਰ ਦੇ ਆਗੂਆਂ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਰਾਊਤ ਨੇ ਕਿਹਾ ਕਿ ਸ਼ਿਵਸੈਨਾ ਅਤੇ ਠਾਕਰੇ ਪ੍ਰਵਾਰ ਵਿਰੁਧ ਲਗਾਏ ਗਏ ਸਾਰੇ ਝੂਠੇ ਦੋਸ਼ਾਂ ਅਤੇ ਕੇਂਦਰੀ ਏਜੰਸੀਆਂ ਦੀ ‘ਦਾਦਾਗਿਰੀ’ ਦਾ ਜਵਾਬ ਦਿਤਾ ਜਾਵੇਗਾ। ਉਨ੍ਹਾਂ ਕਿਹਾ,‘‘ਸਾਨੂੰ ਕੇਂਦਰੀ ਏਜੰਸੀਆਂ ਦੇ ਇਸਤੇਮਾਲ ਦੀ ਧਮਕੀ ਨਾ ਦਿਉ। ਅਸੀਂ ਡਰਨ ਵਾਲੇ ਨਹੀਂ ਹਾਂ। ਤੁਸੀਂ ਜੋ ਚਾਹੇ ਕਰੋ, ਮੈਨੂੰ ਨਹੀਂ ਡਰਾ ਸਕਦੇ... ਉਹ ਕਹਿੰਦੇ ਰਹਿੰਦੇ ਹਨ ਕਿ ਅਨਿਲ ਦੇਸ਼ਮੁਖ ਦੇ ਨਾਲ ਫਲਾਣੇ-ਫਲਾਣੇ ਆਗੂ ਜੇਲ ਜਾਣਗੇ। ਮੈਨੂੰ ਲਗਦਾ ਹੈ ਕਿ ਭਾਜਪਾ ਦੇ ਕੁਝ ਲੋਕ ਅਗਲੇ ਕੁੱਝ ਦਿਨਾਂ ਵਿਚ ਅਨਿਲ ਦੇਸ਼ਮੁਖ ਦੀ ਕੋਠੜੀ ਵਿਚ ਹੋਣਗੇ ਤੇ ਦੇਸ਼ਮੁਖ ਬਾਹਰ ਹੋਣਗੇ।’’ ਰਾਉਤ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਦੀ ਨੀਂਦ ਗ਼ਾਇਬ ਹੋ ਗਈ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। (ਪੀਟੀਆਈ)