
ਗੈਂਗਸਟਰ ਗੋਪੀ ਸੇਲਬਰਾਹ ਤੇ ਗਗਨਦੀਪ ਸਿੰਘ ਨੂੰ ਦੋ ਔਰਤਾਂ ਸਮੇਤ ਕੀਤਾ ਕਾਬੂ
Punjab News: ਏ. ਜੀ. ਟੀ. ਐਫ਼. ਅਤੇ ਧਨੌਲਾ ਪੁਲਿਸ ਨੇ ਸਾਂਝੀ ਕਾਰਵਾਈ ਕਰਕੇ ਧਨੌਲਾ ਮੰਡੀ ਦੀ ਲੰਬੀ ਗਲੀ ਵਿਚ ਇਕ ਗੱਡੀ ਨੂੰ ਘੇਰਾ ਪਾ ਕੇ ਦੋ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁਖਦੇਵ ਸਿੰਘ, ਸੁਖਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਸੇਲਬਰਾਹ ਬਠਿੰਡਾ, ਗਗਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ, ਹਰਪ੍ਰੀਤ ਕੌਰ ਪਤਨੀ ਗਗਨਦੀਪ ਸਿੰਘ ਵਾਸੀ ਭਗਤਾ ਭਾਈ ਕਾ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਨਾਮਜ਼ਦ ਇਕ ਕਾਰ ਵਿਚ ਸਵਾਰ ਹੋ ਕੇ ਪਿੱਛੋਂ ਤੇਜ਼ ਰਫਤਾਰ ਆ ਰਹੇ ਸਨ। ਇਨ੍ਹਾਂ ਨੇ ਅਤਰ ਸਿੰਘ ਵਾਲਾ ਰੋਡ ’ਤੇ ਇਕ ਘੜੁਕੇ ਨੂੰ ਟੱਕਰ ਮਾਰ ਕੇ ਤਿੰਨ ਔਰਤਾਂ ਅਤੇ ਇਕ ਮਜ਼ਦੂਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਪਿੱਛਾ ਜਾਰੀ ਰੱਖਿਆ ਅਤੇ ਇਨ੍ਹਾਂ ਨੂੰ ਲੰਬੀ ਗਲੀ ਵਿਚ ਆ ਕੇ ਘੇਰਾ ਪਾ ਲਿਆ। ਚਾਰੇ ਕਾਰ ਸਵਾਰ ਇੰਨੇ ਤੇਜ਼ ਰਫਤਾਰ ਪਿੱਛੋਂ ਆ ਰਹੇ ਸਨ ਕਿ ਅੱਗੇ ਖੜੀ ਗੱਡੀ ਨਾਲ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਚਾਰਾਂ ਨੂੰ ਹੀ ਪੁਲਿਸ ਨੇ ਮੌਕੇ ’ਤੇ ਹੀ ਹਿਰਾਸਤ ਵਿਚ ਲੈ ਲਿਆ। ਚਾਰੇ ਨਾਮਜ਼ਦ ਅਫੀਮ, ਭੁੱਕੀ ਅਤੇ ਦੋ ਕਤਲਾਂ ਵਿਚ ਲੋੜੀਂਦੇ ਦੱਸੇ ਜਾ ਰਹੇ ਹਨ।
ਪੁਲਿਸ ਕਈ ਮਾਮਲਿਆਂ ਵਿੱਚ ਗੈਂਗਸਟਰ ਗੋਪੀ ਸੇਲਬਰਾਹ ਦੀ ਭਾਲ ਕਰ ਰਹੀ ਸੀ। ਉਹ ਜੇਲ੍ਹ ਤੋੜਨ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਦੇ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ।
ਪੁਲਿਸ ਨੇ ਉਕਤ ਗੈਂਗਸਟਰ ਖਿਲਾਫ਼ ਧਨੌਲਾ ਥਾਣੇ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।