
ਮਮਤਾ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਟੀਐਮਸੀ ਰੋਡ ਸ਼ੋਅ ਦੀ ਕੀਤੀ ਅਗਵਾਈ
ਕੋਲਕਾਤਾ, 14 ਮਾਰਚ : ਪਛਮੀ ਬੰਗਾਲ ਦੇ ਨੰਦੀਗਰਾਮ ਵਿਚ ਚੋਣ ਮੁਹਿੰਮ ਦੌਰਾਨ ਜ਼ਖ਼ਮੀ ਹੋਣ ਦੇ ਤਕਰੀਬਨ ਚਾਰ ਦਿਨ ਬਾਅਦ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇਕ ਵ੍ਹੀਲਚੇਅਰ ਉੱਤੇ ਬੈਠ ਕੇ ਅਪਣੀ ਪਾਰਟੀ ਦੇ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਇਕ ਜ਼ਖ਼ਮੀ ਸ਼ੇਰ ਜ਼ਿਆਦਾ ਖ਼ਤਰਨਾਕ ਹੁੰਦਾ ਹੈ।
ਬੈਨਰਜੀ ਦੇ ਨਾਲ ਟੀਐਮਸੀ ਦੇ ਸੀਨੀਅਰ ਆਗੂ ਵੀ ਸਨ। ਬੈਨਰਜੀ ਹੱਥ ਜੋੜ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਕਬੂਲ ਕਰ ਕਰ ਰਹੀ ਸੀ ਜਦਕਿ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਵ੍ਹੀਲਚੇਅਰ ਨੂੰ ਫੜ ਕੇ ਅੱਗੇ ਵਧਾ ਰਹੇ ਸਨ। ਬੈਨਰਜੀ ‘ਨੰਦੀਗ੍ਰਾਮ’ ਦਿਵਸ ਮੌਕੇ ਮਾਯੋ ਰੋਡ ਤੋਂ ਹਜ਼ਾਰਾ ਮੋਡ ਤਕ ਪੰਜ ਕਿਲੋਮੀਟਰ ਲੰਮੇ ਰੋਡ ਸ਼ੋਅ ’ਚ ਸ਼ਾਮਲ ਹੋਈ। ਬੈਨਰਜੀ ਪਹਿਲੀ ਵਾਰ ਹਾਈ ਪ੍ਰੋਫਾਈਲ ਨੰਦੀਗ੍ਰਾਮ ਸੀਟ ’ਤੇ ਚੋਣ ਲੜ ਰਹੇ ਹਨ। ਬੈਨਰਜੀ ਦਾ ਮੁਕਾਬਲਾ ਉਨ੍ਹਾਂ ਦੇ ਸਾਬਕਾ ਭਰੋਸੇਮੰਦ ਸ਼ੁਭੇਂਦੁ ਅਧਿਕਾਰੀ ਦੇ ਨਾਲ ਹੈ, ਜੋ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਕ ਘੰਟੇ ਦੇ ਰੋਡ ਸ਼ੋਅ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਰਾਜ ਭਰ ਵਿਚ ਟੀਐਮਸੀ ਉਮੀਦਵਾਰਾਂ ਲਈ ਵ੍ਹੀਲ ਚੇਅਰ ’ਤੇ ਪ੍ਰਚਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਅਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ ਹੈ, ਪਰ ਮੈਂ ਕਦੇ ਕਿਸੇ ਅੱਗੇ ਸਮਰਪਣ ਨਹੀਂ ਕੀਤਾ।ਮੈਂ ਕਦੇ ਅਪਣਾ ਸਿਰ ਨਹੀਂ ਝੁਕਾਵਾਂਗੀ। ਇਕ ਜ਼ਖ਼ਮੀ ਸ਼ੇਰ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ। ਮੇਰਾ ਦਰਦ ਲੋਕਾਂ ਦੇ ਦਰਦ ਤੋਂ ਵਧ ਨਹੀਂ ਹੈ, ਕਿਉਂਕਿ ਤਾਨਾਸ਼ਾਹੀ ਜ਼ਰੀਏ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਉਧਰ, ਤ੍ਰਿਣਮੂਲ ਕਾਂਗਰਸ ਸਮਰਥਕਾਂ ਨੇ ਭਾਜਪਾ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿਚ ਬਾਹਰੀ ਲੋਕਾਂ ਨੂੰ ਹਰਾਉਣ ਦੀ ਅਪੀਲ ਕੀਤੀ।
ਦਸਣਯੋਗ ਹੈ ਕਿ ਮਮਤਾ ਬੈਨਰਜੀ ਨੂੰ 10 ਮਾਰਚ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪ੍ਰਚਾਰ ਕਰਨ ਦੌਰਾਨ ਨੰਦੀਗ੍ਰਾਮ ’ਚ ਸੱਟਾਂ ਲੱਗੀਆਂ ਸਨ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੀ ਜਾਨ ਲੈਣ ਦੀ ਭਾਜਪਾ ਦੀ ਸਾਜ਼ਸ਼ ਸੀ। ਚੋਣ ਕਮਿਸ਼ਨ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ’ਤੇ ਕੋਈ ਹਮਲਾ ਹੋਇਆ ਸੀ। (ਪੀਟੀਆਈ)
----