
motivating people for enrollment in government schools through skits
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵੀਡੀਓ ਕਲਿਪਸ ਰਾਹੀਂ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਪ੍ਰਭਾਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਤਿੰਨ ਤੋਂ ਪੰਜ ਮਿੰਟ ਤੱਕ ਦੇ ਸਕਿਟ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਸਕਿੱਟਾਂ ਵਿੱਚ ਟੀਚਰਾਂ ਅਤੇ ਵਿਦਿਆਰਥੀਆਂ ਵੱਲੋਂ ਖੁਦ ਐਕਟਿੰਗ ਕੀਤੀ ਜਾ ਰਹੀ ਹੈ।
Punjab school
ਇਨ੍ਹਾਂ ਸਕਿੱਟਾਂ ਵਿੱਚ ਸਰਕਾਰੀ ਸਕੂਲਾਂ ਦੇ ਪੜ੍ਹਾਈ ਦੇ ਮਿਆਰ, ਸਮਾਰਟ ਸਕੂਲਾਂ ਵਿੱਚ ਸਿੱਖਿਆ ਲਈ ਵਰਤੀ ਜਾ ਰਹੀ ਅਤਿ ਅਧੁਨਿਕ ਤਕਨੋਲੋਜੀ ਅਤੇ ਸੁੰਦਰ ਇਮਾਰਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸਕਿੱਟਾਂ ਵਿੱਚ ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਦੇ ਵਧ ਰਹੇ ਮਿਆਰ ਬਾਰੇ ਵਿਸ਼ੇਸ਼ ਤੌਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਬਣਾਈਆਂ ਜਾ ਰਹੀਆਂ ਇਹ ਵੀਡੀਓ ਕਲਿਪਸ ਸੋਸ਼ਲ ਮੀਡੀਆ ਰਾਹੀਂ ਅਵਾਮ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
motivating people for enrollment in government schools through skits
ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਆਪਣਾ ਸੰਦੇਸ਼ ਲੋਕਾਂ ਤੱਕ ਪਹੰੁਚਾਉਣ ਲਈ ਨੁੱਕੜ ਨਾਟਕਾਂ ਅਤੇ ਜਨ ਸੰਪਰਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਇਹ ਵੀਡੀਓ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ ਅਤੇ ਇਨ੍ਹਾਂ ਦੇ ਸਾਕਾਰਤਮਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਚਾਲੂ ਅਕਾਦਮਿਕ ਸੈਸ਼ਨ ਦੌਰਾਨ ਪਿਛਲੇ ਸਾਲ ਨਾਲੋਂ ਦਾਖਲਿਆਂ ਵਿੱਚ ਅਧਿਕ ਵਾਧਾ ਹੋਣ ਦੀ ਉਮੀਦ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਵੀ ਲੋਕਾਂ ਨੂੰ ਸਰਕਾਰੀ ਸੂਕੂਲਾਂ ’ਚ ਦਾਖਲੇ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਰਕਾਰੀ ਸਕੂਲਾਂ ਵਿੱਚ 2021-22 ਦੇ ਸੈਸ਼ਨ ਵਾਸਤੇ ਦਾਖਲੇ ਵਧਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ ਕੀਤਾ ਜਾ ਚੁੱਕਾ ਹੈ। ਪਿਛਲੇ ਸੈਸ਼ਨ 2020-21 ਦੌਰਾਨ ਵੀ ਵਿਭਾਗ ਨੇ ‘ਈਚ ਵਨ, ਬਰਿੰਗ ਵਨ’ ਮੁਹਿੰਮ ਆਰੰਭੀ ਸੀ। ਇਸ ਦੇ ਨਤੀਜੇ ਵਜੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦਾਖਲਿਆਂ ਵਿੱਚ 15 ਫ਼ੀਸਦੀ ਦਾ ਰਿਕਾਰਡ ਵਾਧਾ ਹੋਇਆ ਸੀ।