
ਪਿਛਲੀ ਸਰਕਾਰ ਦੌਰਾਨ ਬੈਂਕ ਮੁਲਾਜ਼ਮਾਂ ਤੋਂ ਜ਼ਬਰਦਸਤੀ ਲੋਨ ਕਰਾਏ ਜਾਣ ਦੇ ਮਾਮਲੇ 'ਚ ਜਾਂਚ ਦੀ ਆਖੀ ਗੱਲ
ਜਲਾਲਾਬਾਦ: ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਲਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਵੱਲੋਂ ਅੱਜ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਜਲਾਲਾਬਾਦ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਦੇ ਨਾਲ ਰੂਬਰੂ ਹੁੰਦੇ ਆਖਿਆ ਕਿ ਪਿਛਲੀ ਸਰਕਾਰ ਦੇ ਵੇਲੇ ਇਸ ਬੈਂਕ 'ਚ ਬੈਂਕ ਮੁਲਾਜ਼ਮਾਂ ਤੇ ਪ੍ਰੈਸ਼ਰ ਪਾ ਕੇ ਜੋ ਨਾਜਾਇਜ਼ ਲੋਨ ਉਸ ਸਮੇਂ ਦੇ ਸਿਆਸੀ ਲੋਕਾਂ ਵੱਲੋਂ ਕਰਵਾਏ ਗਏ ਹਨ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਸਿਆਸੀ ਲੋਕ ਇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣਗੇ।
Sukhjinder Singh Randhawa
ਇਸ ਗੱਲਬਾਤ ਦੌਰਾਨ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਉੱਪਰ ਯੂ ਪੀ ਜਾ ਕੇ ਗੈਂਗਸਟਰਾਂ ਨੂੰ ਮਿਲਣ ਦੇ ਦੋਸ਼ ਲੱਗੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਕਿਹਾ ਕਿ ਜੇ ਉਹਨਾਂ ਨੂੰ ਗੈਂਗਸਟਰਾਂ ਨੂੰ ਮਿਲਣਾ ਹੋਇਆ ਤਾਂ ਪੰਜਾਬ ਵਿੱਚ ਹੀ ਮਿਲ ਲੈਣਗੇ ਇਸ ਲਈ ਲਖਨਊ ਜਾਣ ਦੀ ਜ਼ਰੂਰਤ ਨਹੀਂ ਅਤੇ ਨਾਲ ਹੀ ਉਨ੍ਹਾਂ ਨੇ ਬੀਜੇਪੀ ਤੇ ਵਾਰ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੋਂ ਪਾਗਲਖ਼ਾਨਾ ਬੰਦ ਕਰ ਦਿੱਤਾ ਗਿਆ ਹੈ ਪਰ ਲੱਗਦਾ ਹੈ ਕੀ ਤਰੁਣ ਚੁੱਘ ਦੇ ਲਈ ਦੁਬਾਰਾ ਅੰਮ੍ਰਿਤਸਰ ਵਿੱਚ ਪਾਗਲਖਾਨਾ ਖੋਲ੍ਹਣਾ ਪਵੇਗਾ।
Sukhjinder Singh Randhawa
ਇਸ ਮੌਕੇ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਾਲ ਸੁਖਬੀਰ ਬਾਦਲ ਵੱਲੋਂ ਕੱਲ੍ਹ ਜਲਾਲਾਬਾਦ ਤੋਂ ਚੋਣ ਲੜਨ ਦੇ ਕੀਤੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਲਈ ਕੈਂਡੀਡੇਟ ਨਹੀਂ ਮਿਲ ਰਹੇ ਇਸ ਲਈ ਪੰਜਾਬ ਦੀਆਂ ਇੱਕ ਸੌ ਸਤਾਰਾਂ ਸੀਟਾਂ ਤੇ ਬਾਦਲ ਪਰਿਵਾਰ ਹੀ ਚੋਣ ਲੜੂ।
Raminder Singh Awla
ਪਰਚੇ ਕਰਾਏ ਜਾਣ ਦੇ ਦੋਸ਼ ਤੇ ਜਵਾਬ ਦਿੰਦਿਆਂ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਇਕ ਵੀ ਨਾਜਾਇਜ਼ ਪਰਚਾ ਉਨ੍ਹਾਂ ਦੇ ਵੱਲੋਂ ਕਰਵਾਇਆ ਗਿਆ ਹੋਵੇ ਤਾਂ ਉਹ ਲੋਕਾਂ ਦੇ ਗੁਨਾਹਗਾਰ ਹਨ। ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੁਖਬੀਰ ਬਾਦਲ ਵੱਲੋਂ ਆਰੋਪ ਲਗਾਏ ਗਏ ਹਨ ਕਿ ਜੋ ਵਿਕਾਸ ਕੰਮ ਚੱਲ ਰਹੇ ਹਨ ਉਹ ਦੇ ਵਿਚ ਇਸਤੇਮਾਲ ਹੋਣ ਵਾਲੀਆਂ ਇੱਟਾਂ ਘੁਬਾਇਆ ਸਾਹਬ ਦੀ ਫੈਕਟਰੀ ਤੋਂ ਆਉਂਦੀਆਂ ਹਨ ਨਹੀਂ ਤਾਂ ਵਿਕਾਸ ਕੰਮ ਨਹੀਂ ਦਿੱਤੇ ਜਾਂਦੇ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਪਹਿਲੀ ਵਾਰੀ ਚੋਣ ਲੜੇ ਸਨ ਤਾਂ ਉਦੋਂ ਉਨ੍ਹਾਂ ਦੇ ਦੋ ਭੱਠੇ ਸਨ ਅਤੇ ਫੈਕਟਰੀ ਉਨ੍ਹਾਂ ਦਾ ਨਿਜੀ ਰੁਜ਼ਗਾਰ ਹੈ। ਉਹਨਾਂ ਆਖਿਆ ਕਿ ਸੁਖਬੀਰ ਬਾਦਲ ਪਤਾ ਨੀ ਕੀ ਖਾਂਦਾ ਹੈ ਅਤੇ ਕੀ ਬੋਲਦਾ ਹੈ।