
ਪਛਮੀ ਯੂਕਰੇਨ 'ਤੇ ਰੂਸ ਦੇ ਹਮਲੇ ਤੇਜ਼ ਹੋਣ ਵਿਚਾਲੇ ਵਾਰਤਾ ਬਹਾਲ ਹੋਣ ਦੀ ਉਮੀਦ
ਰਾਜਧਾਨੀ ਕੀਵ 'ਤੇ ਕਬਜ਼ੇ ਦੀ ਕੋਸ਼ਿਸ਼ ਦੌਰਾਨ ਉਪ ਨਗਰਾਂ 'ਤੇ ਹਮਲੇ ਜਾਰੀ
ਲਵੀਵ, 14 ਮਾਰਚ : ਯੁੱਧਗ੍ਰਸਤ ਯੂਕਰੇਨ ਨੇ ਸੋਮਵਾਰ ਨੂੰ ਉਮੀਦ ਪ੍ਰਗਟਾਈ ਕਿ ਰੂਸ ਨਾਲ ਨਵੇਂ ਸਿਰੇ ਤੋਂ ਕੂਟਨੀਤਕ ਵਾਰਤਾ ਨਾਲ ਹੋਰ ਜ਼ਿਆਦਾ ਨਾਗਰਿਕਾਂ ਨੂੰ ਕੱਢਣ ਦਾ ਰਸਤਾ ਖੁਲ੍ਹ ਸਕਦਾ ਹੈ | ਇਸ ਤੋਂ ਇਕ ਦਿਨ ਪਹਿਲਾਂ ਮਾਸਕੋ ਲੇ ਪੋਲੈਂਡ ਦੀ ਸਰਹੱਦ ਨੇੜੇ ਸਥਿਤ ਇਲਾਕਿਆਂ ਵਿਚ ਗੋਲੀਬਾਰੀ ਤੇਜ਼ ਕਰ ਦਿਤੀ | ਯੂਕਰੇਨ ਦੇ ਆਗੂ ਨੇ ਆਗਾਹ ਕੀਤਾ ਕਿ ਹਮਲੇ ਗੁਆਂਢੀ ਦੇਸ਼ਾਂ ਤਕ ਵੱਧ ਸਕਦੇ ਹਨ | ਐਤਵਾਰ ਨੂੰ ਪਛਮੀ ਯੂਕਰੇਨ ਵਿਚ ਇਕ ਫ਼ੌਜੀ ਅੱਡੇ 'ਤੇ ਰੂਸੀ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ, ਜਿਸ ਵਿਚ 35 ਲੋਕ ਮਾਰੇ ਗਏ ਸਨ | ਇਹ ਫ਼ੌਜੀ ਹਵਾਈ ਅੱਡਾ ਯੂਕਰੇਨ ਅਤੇ ਨਾਟੋ ਦੇਸ਼ਾਂ ਵਿਚਾਲੇ ਸਹਿਯੋਗ ਦਾ ਅਹਿਮ ਕੇਂਦਰ ਸੀ | ਇਸ ਨਾਲ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਨਾਟੋ ਦੇਸ਼ ਲੜਾਈ ਵਿਚ ਸ਼ਾਮਲ ਹੋ ਸਕਦੇ ਹਨ | ਇਸ ਹਮਲੇ ਨੇ ਪੁਰਾਣੇ ਸੀਤ ਯੁੱਧ ਕਾਲ ਦੀ ਦੁਸ਼ਮਣੀ ਮੁੜ ਸੁਰਜੀਤ ਕਰ ਦਿਤੀ ਹੈ ਅਤੇ ਮੌਜੂਦਾ ਆਲਮੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ |
ਜੰਗ ਦੇ 19ਵੇਂ ਦਿਨ ਯੂਕਰੇਨ ਨੇ ਦਾਅਵਾ ਕੀਤਾ ਕਿ ਦਖਣੀ ਸ਼ਹਿਰ ਮਾਰੀਊਪੋਲ 'ਤੇ ਰੂਸੀ ਬੰਬਾਰੀ ਨਾਲ ਹੁਣ ਤਕ 2500 ਤੋਂ ਜ਼ਿਆਦਾ ਮੌਤਾਂ ਹੋ ਚੁਕੀਆਂ ਹਨ | ਰਾਸ਼ਟਰਪਤੀ ਜ਼ੇਲੇਂਸਕੀ ਦੇ ਸਲਾਹਕਾਰ ਓਲੈਕਸੀ ਅਰੇਸਟੋਵਿਚ ਨੇ ਕਿਹਾ ਕਿ ਮਾਰੀਊਪੋਲ ਵਿ ਸਾਡੀ ਫ਼ੌਜ ਨੂੰ ਕਾਮਯਾਬੀ ਮਿਲੀ ਹੈ |
ਅਸੀਂ ਕਲ੍ਹ ਇਥੇ ਰੂਸੀ ਫ਼ੌਜ ਨੂੰ ਹਰਾ ਕੇ ਅਪਣੇ ਜੰਗੀ ਕੈਦੀਆਂ ਨੂੰ ਆਜ਼ਾਦ ਕਰਵਾ ਲਿਆ | ਇਸ ਤੋਂ ਖਿਝੀ ਰੌਸੀ ਫ਼ੌਜ ਸ਼ਹਿਰ ਵਿਚ ਤਬਾਹੀ ਮਚਾ ਰਹੀ ਹੈ |
ਯੂਕਰੇਨ ਦੇ ਕੀਵ ਖੇਤਰ ਦੇ ਪ੍ਰਮੁਖ ਓਲੈਕਸੀ ਕੁਲੇਬਾ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਨੇ ਕੀਵ ਦੇ ਉਤਰ-ਪੱਛਮੀ ਉਪ-ਨਗਰਾਂ 'ਤੇ ਰਾਤ ਭਰ ਤੋਪਾਂ ਨਾਲ ਗੋਲੇ ਦਾਗ਼ੇ ਅਤੇ ਰਾਜਧਾਨੀ ਦੇ ਪੂਰਬੀ ਹਿੱਸੇ ਵਿਚ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ | ਉਤਰ-ਪਛਮੀ ਸ਼ਹਿਰਾਂ ਇਰਪਿਨ, ਬੁਕਾ ਅਤੇ ਹੋਸਤੋਮੇਲ ਵਿਚ ਵੀ ਰਾਤ ਭਰ ਹਮਲੇ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਰੂਸ ਵਲੋਂ ਇਨ੍ਹਾਂ ਇਲਾਕਿਆਂ ਵਿਚ ਸੱਭ ਤੋਂ ਵੱਧ ਹਮਲੇ ਕੀਤੇ ਗਏ ਹਨ |
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਨਾਟੋ ਦੇਸ਼ਾਂ ਨੂੰ ਦੇਸ਼ 'ਤੇ 'ਨੋ ਫ਼ਲਾਈ ਜ਼ੋਨ' ਐਲਾਨਣ ਦੀ ਬੇਨਤੀ ਕੀਤੀ ਸੀ | ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ,''ਜੇਕਰ ਤੁਸੀਂ ਸਾਡੇ ਹਵਾਈ ਖੇਤਰ ਬੰਦ ਨਹੀਂ ਕਰਦੇ ਤਾਂ ਇਹ ਕੁੱਝ ਹੀ ਸਮੇਂ ਦੀ ਗੱਲ ਹੈ ਕਿ ਰੂਸੀ ਮਿਜ਼ਾਈਲਾਂ ਤੁਹਾਡੇ ਖੇਤਰ 'ਤੇ ਡਿਗਣਗੀਆਂ | ਨਾਟੋ ਦੇਸ਼ਾਂ ਦੇ ਨਾਗਰਿਕਾਂ ਦੇ ਘਰਾਂ 'ਤੇ ਡਿਗਣਗੀਆਂ |'' (ਪੀਟੀਆਈ)