
Punjab News : ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਕਾਂ ਨੂੰ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਲਈ ਸੈਕਸਡ ਸੀਮਨ ਦੀ ਵਰਤੋਂ ਲਈ ਕੀਤਾ ਉਤਸ਼ਾਹਿਤ
Punjab News in Punjabi : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਕੇ ਸੂਬੇ ਦੇ ਪਸ਼ੂ ਪਾਲਕਾਂ ਦੇ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 2 ਲੱਖ ਸੈਕਸਡ ਸੀਮਨ ਖੁਰਾਕਾਂ ਖ਼ਰੀਦੇਗੀ। ਕੈਬਨਿਟ ਮੰਤਰੀ ਇੱਥੇ ਕਿਸਾਨ ਭਵਨ ਵਿਖੇ "ਪੰਜਾਬ ਦੇ ਪਸ਼ੂ ਪਾਲਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਪਸ਼ੂ ਪਾਲਣ ਵਿਭਾਗ ਦੀ ਭੂਮਿਕਾ" ਵਿਸ਼ੇ ਉਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਮਹੀਨੇ ਸੈਕਸਡ ਸੀਮਨ ਦੀਆਂ 50,000 ਖੁਰਾਕਾਂ ਖ਼ਰੀਦੀਆਂ ਜਾਣਗੀਆਂ ਅਤੇ ਜੂਨ 2025 ਤੱਕ ਇਸ ਦੀਆਂ 1.50 ਲੱਖ ਹੋਰ ਖੁਰਾਕਾਂ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸੂਬਾ ਸਰਕਾਰ ਨੇ ਗਾਵਾਂ ਅਤੇ ਮੱਝਾਂ ਲਈ ਸੈਕਸਡ ਸੀਮਨ ਦੀਆਂ 1.75 ਲੱਖ ਖੁਰਾਕਾਂ ਸਪਲਾਈ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 1.58 ਲੱਖ ਖੁਰਾਕਾਂ ਦੀ ਵਰਤੋਂ ਹੋ ਚੁੱਕੀ ਹੈ। ਇਸ ਸਰਕਾਰੀ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਪ੍ਰੈਕਟੀਸ਼ਨਰ ਸੈਕਸਡ ਸੀਮਨ ਨੂੰ ਜ਼ਿਆਦਾ ਕੀਮਤਾਂ 'ਤੇ ਵੇਚਦੇ ਹਨ, ਜਦੋਂ ਕਿ ਸਰਕਾਰੀ ਸੰਸਥਾਵਾਂ ਵਿੱਚ ਇਹ ਸਿਰਫ਼ 250 ਰੁਪਏ ਪ੍ਰਤੀ ਇੱਕ ਖੁਰਾਕ ਉਪਲਬਧ ਹੈ।
ਸੈਕਸਡ ਸੀਮਨ ਦੀ ਵਰਤੋਂ ਨਾਲ 90 ਫ਼ੀਸਦ ਤੋਂ ਵੱਧ ਵੱਛੀਆਂ ਤੇ ਕੱਟੀਆਂ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਪਸ਼ੂ ਪਾਲਕਾਂ ਦਾ ਵੱਛਿਆਂ ਤੇ ਕੱਟਿਆਂ ਦੇ ਪਾਲਣ-ਪੋਸ਼ਣ ਉੱਤੇ ਹੋਣ ਵਾਲਾ ਖਰਚਾ ਬਚੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸੀਮਨ ਦੀ ਉੱਚ ਜੈਨੇਟਿਕ ਸਮਰਥਾ ਸੂਬੇ ਵਿੱਚ ਮੌਜੂਦਾ ਜਰਮ-ਪਲਾਜ਼ਮ ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਵੇਗੀ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਸੀਮਨ ਦੀ ਵਰਤੋਂ ਕਰਕੇ ਗਾਵਾਂ ਅਤੇ ਮੱਝਾਂ ਦੀਆਂ ਉੱਚ ਜੈਨੇਟਿਕ ਸਮਰਥਾ ਵਾਲੀਆਂ ਵੱਛੀਆਂ ਤੇ ਕੱਟੀਆਂ ਪੈਦਾ ਹੋਈਆਂ ਹਨ। ਉਹਨਾਂ ਕਿਹਾ ਕਿ ਲੰਬੇ ਸਮੇਂ ਤੱਕ ਸੈਕਸਡ ਸੀਮਨ ਦੀ ਵਰਤੋਂ ਕਰਨ ਨਾਲ ਅਵਾਰਾ ਜਾਨਵਰਾਂ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਪਸ਼ੂ ਭਲਾਈ, ਜਾਨਵਰਾਂ ਵਿੱਚ ਮੈਗਨੇਟ ਫੀਡਿੰਗ ਅਤੇ ਐਨ.ਐਲ.ਐਮ. ਵਿੱਚ ਪ੍ਰੋਜੈਕਟਾਂ ਬਾਰੇ ਕਈ ਹੋਰ ਮੁੱਦੇ ਵਿਚਾਰੇ ਗਏ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਸੈਕਸਡ ਸੀਮਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਵਾਸੀ ਕਿਸਾਨ ਜਗਸੀਰ ਸਿੰਘ ਦੇ ਘਰ ਕੁੱਲ ਅੱਠ ਵੱਛੀਆਂ ਪੈਦਾ ਹੋਈਆਂ ਹਨ। ਇਸੇ ਤਰ੍ਹਾਂ ਲੁਬਾਣਿਆਂਵਾਲੀ ਦੇ ਵਸਨੀਕ ਬਘੇਲ ਸਿੰਘ ਦੇ ਘਰ ਵੀ ਅੱਠ ਵੱਛੀਆਂ ਨੇ ਜਨਮ ਲਿਆ। ਇਨ੍ਹਾਂ ਵੱਛੀਆਂ ਦਾ ਭਾਰ ਦੂਜਿਆਂ ਵੱਛੀਆਂ ਦੇ ਮੁਕਾਬਲੇ ਵੱਧ ਹੈ ਅਤੇ ਇਹ ਉਚ ਗੁਣਵੱਤਾ ਵਾਲੀਆਂ ਨਸਲਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਦਾਰਪੁਰਾ ਪਿੰਡ ਦੇ ਸੰਤ ਕੁਮਾਰ ਦੀ ਮਹਿਜ਼ 63 ਦਿਨਾਂ ਦੀ ਵੱਛੀ ਦਾ ਭਾਰ 80 ਕਿਲੋਗ੍ਰਾਮ ਹੈ। ਇਸ ਸੈਮੀਨਾਰ ਵਿੱਚ ਵਿਸ਼ੇਸ਼ ਸਕੱਤਰ ਪਸ਼ੂ ਪਾਲਣ ਹਰਬੀਰ ਸਿੰਘ, ਵਿਭਾਗ ਦੇ ਸਾਰੇ ਸੰਯੁਕਤ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
(For more news apart from Punjab government purchase 2 lakh doses of sexed semen at cost of Rs 5.3 crore: Khudia News in Punjabi, stay tuned to Rozana Spokesman)