
Accident on Hoshiarpur-Chandigarh Highway : ਦੋ ਗੱਡੀਆਂ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ
Terrible accident on Hoshiarpur-Chandigarh highway Latest News in Punjabi : ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਜੱਟਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਸਵੇਰੇ ਦੋ ਗੱਡੀਆਂ ਦੀ ਆਪਸੀ ਟੱਕਰ ਵਿਚ ਇਕ ਮੋਟਰਸਾਈਕਲ ਸਵਾਰ 34 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਕ 34 ਸਾਲਾ ਨੌਜਵਾਨ ਜਿਸ ਦਾ ਨਾਮ ਸੁਖਵਿੰਦਰ ਸਿੰਘ ਦਸਿਆ ਜਾ ਰਿਹਾ ਜੋ ਕਿ ਅਪਣੇ ਪਿੰਡ ਜੱਟਪੁਰ ਤੋਂ ਚੱਬੇਵਾਲ ਅੱਡੇ ’ਚੋਂ ਕੋਈ ਸਮਾਨ ਲੈਣ ਲਈ ਘਰੋਂ ਨਿਕਲਿਆ ਪਰ ਚੰਡੀਗੜ੍ਹ ਸਾਈਡ ਤੋਂ ਆ ਰਹੀ ਇਕ ਬਰੀਜ਼ਾ ਗੱਡੀ ਹੁਸ਼ਿਆਰਪੁਰ ਤੋਂ ਆ ਰਹੀ ਕਾਰ ਨਾਲ ਜਾ ਟਕਰਾਈ। ਇਸ ਟੱਕਰ ਤੋਂ ਬਾਅਦ ਬਰੀਜ਼ਾ ਗੱਡੀ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਜਾ ਟਕਰਾਈ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਚਸ਼ਮਦੀਦਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਰੀਜ਼ਾ ਗੱਡੀ ਬਹੁਤ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਬਰੀਜ਼ਾ ਗੱਡੀ ਵਾਲਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਗੁੱਸੇ ਵਿਚ ਆਏ ਨੌਜਵਾਨ ਦੇ ਪਰਵਾਰਕ ਮੈਂਬਰਾਂ ਨੇ ਹੁਸ਼ਿਆਰਪੁਰ-ਚੰਡੀਗੜ੍ਹ ਹਾਈਵੇ ਜਾਮ ਕਰ ਦਿਤਾ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਸਾਰਾ ਮਾਮਲਾ ਸੁਲਝਾਇਆ।
ਐਸਐਚਓ ਚੱਬੇਵਾਲ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਡਾ ਜੱਟਪੁਰ ਦੇ ਵਿਚ ਕੋਈ ਹਾਦਸਾ ਹੋਇਆ ਹੈ। ਜਿਸ ਤਹਿਤ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਬਰੀਜ਼ਾ ਗੱਡੀ ਦੇ ਡਰਾਈਵਰ, ਜੋ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਕਬਜ਼ੇ ਵਿਚ ਲੈ ਕੇ, ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾ ਦਿਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।