
1510 ਕੇਸਾਂ ਵਾਲੇ ਦਿੱਲੀ 'ਚ ਹੁਣ ਤਾਈਂ 28 ਮੌਤਾਂ, ਪੰਜਾਬ 'ਚ 13 ਮੌਤਾਂ ਜਦਕਿ ਕੇਸ 184
ਚੰਡੀਗੜ੍ਹ, 14 ਅਪ੍ਰੈਲ (ਨੀਲ ਭਲਿੰਦਰ ਸਿੰਘ): ਦੁਨੀਆਂ ਭਰ 'ਚ ਮਹਾਂਮਾਰੀ ਬਣ ਕੇ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਰੋਗ (ਕੋਵਿਡ-19) ਨੂੰ ਲੈ ਕੇ ਭਾਰਤ ਖ਼ਾਸਕਰ ਉੱਤਰੀ ਸੂਬਿਆਂ 'ਚ ਵੀ ਸਥਿਤੀ ਕੋਈ ਚੰਗੀ ਨਹੀਂ ਮੰਨੀ ਜਾ ਰਹੀ। ਕੌਮੀ ਰਾਜਧਾਨੀ ਵਾਲੇ ਰਾਜ ਦਿੱਲੀ 'ਚ ਹੀ ਕਰੋਨਾ ਦੇ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਹਨ। ਭਾਰਤ ਸਰਕਾਰ ਦੇ ਕੋਵਿਡ-19 ਟਰੈਕਰ ਪੋਰਟਲ 'ਤੇ ਪਾਏ ਗਏ ਮੰਗਲਵਾਰ ਸ਼ਾਮ 6:10 ਵਜੇ ਦੇ ਅੰਕੜਿਆਂ ਮੁਤਾਬਕ ਦਿੱਲੀ ਸੂਬੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1510 ਹੋ ਚੁੱਕੀ ਹੈ ਅਤੇ ਇਨ੍ਹਾਂ 'ਚੋਂ 28 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਵਿਜੈਵਾੜਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਦੇ ਰਿਸ਼ਤੇਦਰਾਂ ਨੂੰ ਹਸਪਤਾਲ ਲਿਜਾਂਦੇ ਸਿਹਤ ਕਾਮੇ।
ਉੱਤਰੀ ਸੂਬਿਆਂ 'ਚ ਇਨ੍ਹਾਂ ਅੰਕੜਿਆਂ ਦੇ ਆਧਾਰ ਉਤੇ ਜੇਕਰ ਪੰਜਾਬ 'ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ 'ਚ ਅੱਜ ਸ਼ਾਮ ਤਕ ਸਿਹਤ ਵਿਭਾਗ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 184 ਦਰਜ ਕੀਤੀ ਗਈ। ਜਦਕਿ ਅੱਜ ਹੀ 25 ਕੇਸਾਂ ਵਾਲੇ ਜਲੰਧਰ ਵਿਚ ਇਕ ਹੋਰ ਮੌਤ ਹੋ ਜਾਣ ਨਾਲ ਪੰਜਾਬ ਮੌਤਾਂ ਦੀ ਗਿਣਤੀ 13 ਹੋ ਗਈ ਹੈ। ਪੰਜਾਬ ਵਿਚ ਪਾਜ਼ੇਟਿਵ ਕੇਸ ਭਾਵੇਂ ਦਿੱਲੀ ਦੇ ਮੁਕਾਬਲੇ ਕਿਤੇ ਘੱਟ (1510 ਦੇ ਮੁਕਾਬਲੇ 184) ਹਨ, ਮੌਤਾਂ ਦੀ ਗਿਣਤੀ ਦਿਲੀ 'ਚ 28 ਦੇ ਮੁਕਾਬਲੇ 13 ਉੱਤਰੀ ਸੂਬਿਆਂ 'ਚ ਮੌਤ ਦਰ ਪੰਜਾਬ 'ਚ ਸੱਭ ਤੋਂ ਵੱਧ ਹੈ। ਇਸੇ ਤਰ੍ਹਾਂ ਦਿੱਲੀ ਵਿਚ ਰਾਜ਼ੀ ਹੋਏ ਮਰੀਜ਼ਾਂ ਦੀ ਗਿਣਤੀ ਅੱਜ ਸ਼ਾਮ ਤਕ 31 ਰਹੀ ਜਦਕਿ ਪੰਜਾਬ 'ਚ ਹੁਣ ਤਕ 27 ਮਰੀਜ ਰਾਜ਼ੀ ਹੋ ਚੁੱਕੇ ਹਨ। ਇਸ ਲਿਹਾਜ਼ ਨਾਲ ਪੰਜਾਬ 'ਚ ਸਿਹਤਯਾਬੀ ਦਰ ਵੀ ਦਿੱਲੀ ਨਾਲੋਂ ਉੱਚੀ ਚੱਲ ਰਹੀ ਹੈ।
ਪੰਜਾਬ ਵਿਚ ਮੰਗਲਵਾਰ ਸ਼ਾਮ ਤਕ 4844 ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 4047 ਨੈਗੇਟਿਵ ਮਿਲੇ, ਜਦਕਿ 613 ਜਣਿਆਂ ਦੀ ਰੀਪੋਰਟ ਆਉਣੀ ਬਾਕੀ ਹੈ। ਮੰਗਲਵਾਰ ਨੂੰ ਪੰਜਾਬ 'ਚ ਕੁੱਲ ਅੱਠ ਨਵੇਂ ਕੇਸ ਪਠਾਨਕੋਟ -1, ਮੁਹਾਲੀ -2, ਜਲੰਧਰ - 1 ਅਤੇ ਹੁਣ ਤਕ ਗਰੀਨ ਜੋਨ 'ਚ ਮੰਨੇ ਜਾ ਰਹੇ ਗੁਰਦਾਸਪੁਰ ਜਿਲੇ ਵਿਚ ਵੀ ਪਹਿਲਾ ਕੇਸ ਸਾਹਮਣੇ ਆ ਗਿਆ ਹੈ। ਉੱਧਰ ਦੇਸ਼ ਦੇ ਵੱਡੇ ਕਰੋਨਾ ਹਾਟਸਪਾਟ 'ਚ ਸ਼ੁਮਾਰ ਡੇਰਾਬਸੀ ਤਹਿਸੀਲ ਦੇ ਜਵਾਹਰਪੁਰ ਪਿੰਡ ਵਾਲੇ ਐਸਏਐਸ ਨਗਰ (ਮੁਹਾਲੀ) ਜਿਲੇ 'ਚ ਸੂਬੇ ਦੇ ਸਭ ਤੋਂ ਵੱਧ 56 ਕੇਸ ਹੋ ਚੁੱਕੇ ਹਨ। ਪੰਜਾਬ 'ਚ ਵਿਦੇਸ਼ ਯਾਤਰਾ ਟਰੈਵਲ ਹਿਸਟਰੀ ਕਾਰਨ ਕਰੋਨਾ ਦੀ ਸ਼ੁਰੂਆਤ ਵਾਲੇ ਮੰਨੇ ਜਾਂਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜਿਲ੍ਹੇ 'ਚ ਸਥਿਤੀ ਹੁਣ ਕਾਬੂ ਹੇਠ ਹੈ। ਅੱਜ ਦੋ ਹੋਰ ਮਰੀਜ਼ਾਂ ਦੇ ਰਾਜੀ ਹੋਣ ਨਾਲ ਹੁਣ ਇਸ ਜਿਲੇ 'ਚ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ।
ਉਤਰੀ ਭਾਰਤ ਦੇ ਦੂਜਿਆਂ ਸੂਬਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਆਂਢੀ ਸੂਬੇ ਹਰਿਆਣਾ 'ਚ ਮੰਗਲਵਾਰ ਸ਼ਾਮ ਤਕ ਕੁਲ ਪਾਜ਼ੇਟਿਵ ਮਰੀਜ਼ 198, ਰਾਜੀ ਹੋਏ 55, ਮੌਤਾਂ 3 ਰਹੇ. ਹਿਮਾਚਲ ਪ੍ਰਦੇਸ਼ 'ਚ ਕੁਲ ਪਾਜ਼ੇਟਿਵ ਮਰੀਜ਼ 32, ਰਾਜੀ ਹੋਏ 12, ਮੌਤਾਂ 2 ਰਹੇ। ਕੇਂਦਰੀ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ, ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਕੁਲ ਪਾਜ਼ੇਟਿਵ ਮਰੀਜ਼ 21, ਰਾਜੀ ਹੋਏ 07, ਮੌਤਾਂ - ਸਿਫ਼ਰ ਰਹੇ। ਨਵ ਗਠਿਤ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿਚ ਕੁਲ ਪਾਜ਼ੇਟਿਵ ਮਰੀਜ਼ 270, ਰਾਜੀ ਹੋਏ 29, ਮੌਤਾਂ 04 ਰਹੇ, ਲਦਾਖ਼ 'ਚ ਕੁਲ ਪਾਜ਼ੇਟਿਵ ਮਰੀਜ਼ 17, ਰਾਜੀ ਹੋਏ 12, ਮੌਤਾਂ ਸਿਫ਼ਰ ਰਹੇ।