
ਕੋਰੋਨਾ ਵਿਰੁਧ ਜੰਗ ਜਿੱਤਣ ਵਾਲੀ ਮਹਿਲਾ ਮਰੀਜ਼ ਨੂੰ ਹਸਪਤਾਲ ਵਿਚੋਂ ਮਿਲੀ ਛੁੱਟੀ
ਬਨੂੜ, 14 ਅਪ੍ਰੈਲ (ਅਵਤਾਰ ਸਿੰਘ): ਗਿਆਨ ਸਾਗਰ ਵਿਚ 26 ਮਾਰਚ ਨੂੰ ਦਾਖ਼ਲ ਹੋਈ ਸੱਭ ਤੋਂ ਪਹਿਲੀ ਕੋਰੋਨਾ ਪੀੜਤ ਮਹਿਲਾ ਨੇ ਕੋਰੋਨਾ ਵਿਰੁਧ ਜੰਗ ਜਿੱਤ ਲਈ ਹੈ। ਅੱਜ ਬਾਦ ਦੁਪਹਿਰ ਸਾਢੇ ਤਿੰਨ ਕੁ ਵਜੇ ਦੇ ਕਰੀਬ ਮੋਹਾਲੀ ਨਿਵਾਸੀ ਉਕਤ ਮਹਿਲਾ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਦੀ ਮੁਹਾਲੀ ਤੋਂ ਮਹਿਲਾ ਮਰੀਜ਼ ਨੂੰ ਲੈਣ ਗਈ ਐਂਬੂਲੈਂਸ ਨੇ ਮਹਿਲਾ ਨੂੰ ਉਸ ਵਦੇ ਘਰ ਪਹੁੰਚਾਇਆ।
CORONA
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦਸਿਆ ਕਿ ਉਕਤ ਮਹਿਲਾ ਦਾ ਹਸਪਤਾਲ ਵਿਚ 19 ਦਿਨ ਇਲਾਜ ਕੀਤਾ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਦੇ ਮੈਡੀਸਬ ਵਿਭਾਗ ਦੇ ਮੁਖੀ ਡਾ. ਰਾਮ ਸਿੰਘ, ਡਾ. ਸੁਖਪ੍ਰੀਤ ਸਿੰਘ, ਡਾ. ਨਵਦੀਪ ਸਿੰਘ, ਡਾ. ਸੰਨਥ ਅਤੇ ਸਟਾਫ਼ ਨਰਸਾਂ ਜਸਪ੍ਰੀਤ ਕੌਰ, ਜਸਵਿੰਦਰ ਕੌਰ, ਨਸਰੀਨ ਆਦਿ ਦੀ ਅਗਵਾਈ ਹੇਠ ਮਹਿਲਾ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸਬੰਧਿਤ ਮਹਿਲਾ ਨੂੰ ਲੋੜੀਂਦੀਆਂ ਸਾਵਧਾਨੀਆਂ ਅਤੇ ਕੁੱਝ ਕੁ ਦਵਾਈਆਂ ਖਾਣ ਲਈ ਦਿਤੀਆਂ ਗਈਆਂ ਹਨ ਤੇ ਇਕ ਵਾਰ 14 ਦਿਨਾਂ ਬਾਅਦ ਦੁਬਾਰਾ ਚੈੱਕ ਕਰਾਉਣ ਲਈ ਆਖਿਆ ਗਿਆ ਹੈ।
ਮੈਡੀਕਲ ਸੁਪਰਡੈਂਟ ਨੇ ਦਸਿਆ ਕਿ ਉਕਤ ਮਹਿਲਾ ਵਲੋਂ ਹਸਪਤਾਲ ਲਈ ਭੇਜੇ ਗਏ ਲਿਖਤੀ ਸੁਨੇਹੇ ਵਿਚ ਗਿਆਨ ਸਾਗਰ ਦਾ ਧਨਵਾਦ ਕੀਤਾ ਗਿਆ ਹੈ।
ਉਨ੍ਹਾਂ ਹਸਪਤਾਲ ਦੀ ਇਲਾਜ ਪ੍ਰਣਾਲੀ ਨੂੰ ਸਰਾਹੁਦਿਆਂ ਜੀਵਨ ਭਰ ਲਈ ਸ਼ੁੱਕਰਗੁਜ਼ਾਰ ਰਹਿਣ ਦੀ ਗੱਲ ਆਖੀ ਹੈ। ਮਹਿਲਾ ਨੇ ਡਾਕਟਰੀ ਸਟਾਫ਼ ਦੇ ਨਾਲ ਨਾਲ ਵਿਸ਼ੇਸ਼ ਤੌਰ ਉਤੇ ਸਕਿਓਰਿਟੀ, ਸਫ਼ਾਈ ਕਰਮਚਾਰੀ ਤੇ ਹੋਰਨਾਂ ਦਾ ਵੀ ਧਨਵਾਦ ਕੀਤਾ ਹੈ।
ਗਿਆਨ ਸਾਗਰ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਈ 51
ਗਿਆਨ ਸਾਗਰ ਵਿਚੋਂ ਸੱਭ ਤੋਂ ਪਹਿਲਾਂ ਇਲਾਜ ਲਈ ਦਾਖ਼ਲ ਹੋਈ ਕੋਰੋਨਾ ਪੀੜਤ ਮਹਿਲਾ ਮਰੀਜ਼ ਦੀ ਛੁੱਟੀ ਹੋਣ ਮਗਰੋਂ ਅੱਜ ਦੋ ਨਵੇਂ ਮਰੀਜ਼ ਆਉਣ ਨਾਲ ਇੱਥੇ ਇਲਾਜ ਅਧੀਨ ਕੋਰੋਨਾ ਪੀੜਤਾਂ ਦੀ ਗਿਣਤੀ 51 ਹੋ ਗਈ ਹੈ। ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ। ਤਿੰਨ ਮਰੀਜ਼ਾਂ ਦੇ ਇਲਾਜ ਦਾ ਸਮਾਂ 15 ਅਪ੍ਰੈਲ ਨੂੰ ਪੂਰਾ ਹੋਣ ਮਗਰੋਂ ਉਨ੍ਹਾਂ ਦੇ ਭਲਕੇ ਖ਼ੂਨ ਦੇ ਸੈਂਪਲ ਲਏ ਜਾਣਗੇ।