
ਮੋਦੀ ਨੇ ਕਿਹਾ, 20 ਅਪ੍ਰੈਲ ਤੋਂ ਕੁੱਝ ਛੋਟਾਂ ਦਿਤੀਆਂ ਜਾ ਸਕਦੀਆਂ ਹਨ
ਨਵੀਂ ਦਿੱਲੀ, 14 ਅਪ੍ਰੈਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ਵਿਆਪੀ ਤਾਲਾਬੰਦੀ (ਲਾਕਡਾਊਨ) ਨੂੰ 3 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਜਿਹੜੇ ਖੇਤਰ ਇਸ ਮਹਾਮਾਰੀ ਤੋਂ ਸੱਭ ਤੋਂ ਵੱਧ ਪ੍ਰਭਾਵਤ ਖੇਤਰਾਂ (ਹਾਟਸਪਾਟ) ਵਿਚ ਨਹੀਂ ਹੋਣਗੇ ਅਤੇ ਜਿਨ੍ਹਾਂ ਦੇ ਹਾਟਸਪਾਟ ਵਿਚ ਬਦਲਣ ਦੀ ਸੰਭਾਵਨਾ ਘੱਟ ਹੋਵੇਗੀ, ਉਥੇ 20 ਅਪ੍ਰੈਲ ਤੋਂ ਕੁੱਝ ਛੋਟ ਦਿਤੀ ਜਾ ਸਕਦੀ ਹੈ।
ਦੇਸ਼ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਪ੍ਰਧਾਨ ਮੰਤਰੀ ਨੇ ਲਗਭਗ 25 ਮਿੰਟ ਦੇ ਦੇਸ਼ ਦੇ ਨਾਮ ਸੰਬੋਧਨ ਵਿਚ ਕਿਹਾ ਕਿ ਦੂਜੇ ਗੇੜ ਵਿਚ ਲਾਕਡਾਊਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕੀਤੀ ਜਾਵੇਗੀ ਅਤੇ ਬੁਧਵਾਰ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਜਾਣਗੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਅਜਿਹੇ ਲੋਕ ਜਿਹੜੇ ਹਰ ਰੋਜ਼ ਦੀ ਕਮਾਈ ਨਾਲ ਅਪਣੀਆਂ ਲੋੜਾਂ ਪੂਰੀਆਂ ਕਰਦੇ ਹਨ, ਅਜਿਹੇ ਲੋਕਾਂ ਅਤੇ ਕਿਸਾਨਾਂ ਦੇ ਜੀਵਨ ਵਿਚ ਆਈਆਂ ਮੁਸ਼ਕਲਾਂ ਨੂੰ ਘਟਾਉਣਾ ਸਾਡੀ ਸਿਖਰਲੀ ਤਰਜੀਹ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਿਰਫ਼ ਆਰਥਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਹਾਲੇ ਇਹ ਮਹਿੰਗਾ ਜ਼ਰੂਰ ਲਗਦਾ ਹੈ ਪਰ ਭਾਰਤ ਵਾਸੀਆਂ ਦੀ ਜ਼ਿੰਦਗੀ ਤੋਂ ਅੱਗੇ, ਇਸ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਕਈ ਵਿਕਸਤ ਮੁਲਕਾਂ ਦੀ ਤੁਲਨਾ ਵਿਚ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਸਫ਼ਲ ਰਿਹਾ ਹੈ।
ਭਾਰਤ ਨੇ ਤਾਲਾਬੰਦੀ ਨਾ ਲਾਗੂ ਕੀਤੀ ਹੁੰਦੀ, ਤੇਜ਼ੀ ਨਾਲ ਫ਼ੈਸਲੇ ਨਾ ਕੀਤੇ ਹੁੰਦੇ ਤਾਂ ਅੱਜ ਭਾਰਤ ਦੀ ਸਥਿਤੀ ਕੁੱਝ ਹੋਰ ਹੁੰਦੀ ਪਰ ਬੀਤੇ ਦਿਨਾਂ ਦੇ ਤਜਰਬਿਆਂ ਤੋਂ ਇਹ ਸਪੱਸ਼ਟ ਹੈ ਕਿ ਅਸੀਂ ਜਿਹੜਾ ਰਸਤਾ ਚੁਣਿਆ ਹੈ, ਉਹ ਸਹੀ ਹੈ। ਮੋਦੀ ਨੇ ਕਿਹਾ ਕਿ ਰਾਜਾਂ ਅਤੇ ਮਾਹਰਾਂ ਨਾਲ ਚਰਚਾ ਅਤੇ ਸੰਸਾਰ ਸਥਿਤੀ ਨੂੰ ਵਾਚਣ ਮਗਰੋਂ ਭਾਰਤ ਵਿਚ ਤਾਲਾਬੰਦੀ ਨੂੰ ਹੁਣ 3 ਮਈ ਤਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤ ਵਿਚ ਤਾਲਾਬੰਦੀ ਦੀ 21 ਦਿਨਾਂ ਦੀ ਮਿਆਦ ਦਾ ਮੌਜੂਦਾ ਗੇੜ 14 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁੱਝ ਵਰਗਾਂ ਦੁਆਰਾ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਮੋਦੀ ਨੇ ਕਿਹਾ ਕਿ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। 20 ਅਪ੍ਰੈਲ ਤਕ ਹਰ ਕਸਬੇ, ਹਰ ਥਾਣੇ, ਹਰ ਜ਼ਿਲ੍ਹੇ, ਹਰ ਰਾਜ ਨੂੰ ਪਰਖਿਆ ਜਾਵੇਗਾ ਕਿ ਉਥੇ ਤਾਲਾਬੰਦੀ ਦੀ ਕਿੰਨੀ ਪਾਲਣਾ ਹੋ ਰਹੀ ਹੈ। ਜਿਹੜੇ ਇਸ ਪ੍ਰੀਖਿਆ ਵਿਚ ਸਫ਼ਲ ਹੋਣਗੇ, ਉਥੇ 20 ਅਪ੍ਰੈਲ ਤੋਂ ਕੁੱਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਦਿਤੀ ਜਾ ਸਕਦੀ ਹੈ। ਮੋਦੀ ਨੇ ਲੋਕਾਂ ਕੋਲੋਂ ਸੱਤ ਵਿਸ਼ਿਆਂ 'ਤੇ ਸਹਿਯੋਗ ਮੰਗਿਆ ਜਿਨ੍ਹਾਂ ਵਿਚ ਬਜ਼ੁਰਗਾਂ ਦਾ ਖ਼ਿਆਲ ਰਖਣਾ, ਗ਼ਰੀਬਾਂ ਪ੍ਰਤੀ ਸੰਵੇਦਨਸ਼ੀਲ ਨਜ਼ਰੀਆ ਅਪਣਾਉਣਾ, ਸਮਾਜਕ ਦੂਰੀ ਰਖਣਾ ਆਦਿ ਸ਼ਾਮਲ ਹਨ।
ਕੇਂਦਰ ਸਰਕਾਰ ਦੇ ਸੂਤਰਾਂ ਨੇ ਸੰਕੇਤ ਦਿਤਾ ਕਿ ਤਾਲਾਬੰਦੀ ਨੂੰ 3 ਮਈ ਤਕ ਇਸ ਲਈ ਵਧਾਇਆ ਗਿਆ ਹੈ ਕਿਉਂਕਿ 1 ਮਈ ਨੂੰ ਜਨਤਕ ਛੁੱਟੀ ਹੈ ਅਤੇ 2 ਤੇ 3 ਮਈ ਨੂੰ ਸਨਿਚਰਵਾਰ ਅਤੇ ਐਤਵਾਰ ਪੈਂਦੇ ਹਨ। ਸੂਤਰਾਂ ਮੁਤਾਬਕ ਜੇ ਤਾਲਾਬੰਦੀ 30 ਅਪ੍ਰੈਲ ਤਕ ਵਧਾਈ ਜਾਂਦੀ ਤਾਂ ਲੋਕ ਇਨ੍ਹਾਂ ਤਿੰਨ ਦਿਨਾਂ ਦੀਆਂ ਛੁੱਟੀਆਂ ਦੌਰਾਨ ਬਾਹਰ ਘੁੰਮਣ-ਫਿਰਨ ਲਈ ਨਿਕਲ ਸਕਦੇ ਸਨ। ਇਸ ਲਈ ਐਤਵਾਰ ਰਾਤ 12 ਵਜੇ ਤਕ ਤਾਲਾਬੰਦੀ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਅਗਲਾ ਦਿਨ ਯਾਨੀ ਸੋਮਵਾਰ ਕੰਮ ਵਾਲਾ ਦਿਨ ਹੋਵੇਗਾ।