
ਕੋਵੀਡ-19 ਵਿਰੁਧ ਲੜਾਈ ਵਿਚ ਅਪਣਾ ਯੋਗਦਾਨ ਪਾਉਣ ਅਤੇ ਯੂ.ਟੀ. ਪ੍ਰਸ਼ਾਸਨ ਨੂੰ ਸਹਾਇਤਾ ਦੇਣ ਦੇ ਨਾਲ-ਨਾਲ ਅਪਣੀ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਦੇ ਹਿੱਸੇ
ਚੰਡੀਗੜ੍ਹ, 14 ਅਪ੍ਰੈਲ (ਸਸਸ) : ਕੋਵੀਡ-19 ਵਿਰੁਧ ਲੜਾਈ ਵਿਚ ਅਪਣਾ ਯੋਗਦਾਨ ਪਾਉਣ ਅਤੇ ਯੂ.ਟੀ. ਪ੍ਰਸ਼ਾਸਨ ਨੂੰ ਸਹਾਇਤਾ ਦੇਣ ਦੇ ਨਾਲ-ਨਾਲ ਅਪਣੀ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਸਾਰਕ ਇੰਡਸਟਰੀਜ਼, ਜੋ ਕਿ ਚੰਡੀਗੜ੍ਹ ਦੀ ਸੱਭ ਤੋਂ ਵੱਡੀ ਇੰਜੈਕਸ਼ਨ ਮੋਲਡਿੰਗ ਫੈਸਿਲਟੀ ਹੈ, ਦੇ ਸਥਾਨਕ ਉਦਮੀਆਂ ਅਨਿਲ ਸੇਲ੍ਹੀ ਅਤੇ ਰਾਜੇਸ਼ ਖੰਨਾ ਵਲੋਂ ਅੱਜ ਪੀ.ਜੀ.ਆਈ. ਨੂੰ 1000 ਫ਼ੇਸ ਸ਼ੀਲਡਾਂ ਦਾਨ ਕੀਤੀਆਂ ਗਈਆਂ।ਕੋਵਿਡ-19 ਵਿਰੁਧ ਮੋਹਰਲੀ ਕਤਾਰ ਦੇ ਯੋਧਿਆਂ, ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸਹਾਇਤਾ ਲਈ ਅੱਗੇ ਆਉਂਦਿਆਂ ਸਾਰਕ ਇੰਡਸਟਰੀਜ਼ ਨੇ ਇਕ ਹਫ਼ਤੇ ਦੇ ਅੰਦਰ-ਅੰਦਰ ਵੱਡੇ ਪੱਧਰ 'ਤੇ ਉਤਪਾਦਨ ਦੀ ਸਹੂਲਤ ਸਥਾਪਤ ਕਰਨ ਲਈ ਅਪਣੇ ਸਰੋਤ ਜੁਟਾਏ।
File photo
ਚੰਡੀਗੜ੍ਹ ਅਧਾਰਤ ਇਕ ਹੋਰ ਉਦਮੀ ਪ੍ਰਿਤਪਾਲ ਸਿੰਘ ਮਠਾੜੂ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਇਹ ਤਿੰਨੇ ਇਕੋ ਸੰਸਥਾ 'ਇੰਡੋ ਸਵਿਸ ਟ੍ਰੇਨਿੰਗ ਸੈਂਟਰ' ਸੀ.ਐਸ.ਆਈ.ਓ., ਸੈਕਟਰ-30, ਚੰਡੀਗੜ੍ਹ ਤੋਂ ਹਨ। ਇਸ ਸਬੰਧੀ ਤੁਰਤ ਸਾਰੀਆਂ ਮਨਜ਼ੂਰੀਆਂ ਪ੍ਰਦਾਨ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵਿਸ਼ੇਸ਼ ਤੌਰ 'ਤੇ ਡੀ.ਸੀ. ਮਨਦੀਪ ਸਿੰਘ ਦਾ ਧੰਨਵਾਦ ਕਰਦਿਆਂ ਉਦਮੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਤੀ ਮਹੀਨਾ 1 ਲੱਖ ਫੇਸ ਸ਼ੀਲਡਾਂ ਦੇ ਉਤਪਾਦਨ ਦੀ ਨਿਰਮਾਣ ਸਮਰਥਾ ਹੈ ਅਤੇ ਉਹ ਇਸ ਸਮਰਥਾ ਨੂੰ ਉਦੋਂ ਤਕ ਵਧਾਉਣਾ ਜਾਰੀ ਰਖਣਗੇ ਜਦੋਂ ਤਕ ਮੋਹਰਲੀ ਕਤਾਰ ਵਿਚ ਡਟਿਆ ਹਰ ਯੋਧਾ ਢੁਕਵੇਂ ਨਿਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈਜ਼) ਨਾਲ ਲੈਸ ਨਹੀਂ ਹੋ ਜਾਂਦਾ। ਉਨ੍ਹਾਂ ਇਸ ਉਤਪਾਦ ਨੂੰ ਵਿਕਸਤ ਕਰਨ ਲਈ ਡਾ. ਜਗਤ ਰਾਮ ਦੀ ਯੋਗ ਅਗਵਾਈ ਹੇਠ ਕੰਮ ਕਰਦੇ ਪੀ.ਜੀ.ਆਈ. ਦੇ ਡਾਕਟਰਾਂ ਦਾ ਵੀ ਭਰਪੂਰ ਧੰਨਵਾਦ ਕੀਤਾ।