
ਡਾਕਟਰ ਨੂੰ ਕੋਰੋਨਾ ਪੀੜਤ ਅਤੇ ਹਸਪਤਾਲ ਨੂੰ ਸੀਲ ਕਰਨ ਦੀ ਫੈਲਾਈ ਸੀ ਅਫ਼ਵਾਹ
ਕੋਟਕਪੂਰਾ, 14 ਅਪ੍ਰੈਲ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਇੱਥੋਂ ਦੇ ਇਕ ਨਾਮਵਰ ਡਾਕਟਰ ਨੂੰ ਕੋਰੋਨਾ ਪੀੜਤ ਦੱਸਣ ਅਤੇ ਉਸ ਦੇ ਹਸਪਤਾਲ ਨੂੰ ਸੀਲ ਕਰਨ ਦੀ ਸੋਸ਼ਲ ਮੀਡੀਆ ਰਾਹੀਂ ਫੈਲਾਈ ਅਫ਼ਵਾਹ ਤੋਂ ਬਾਅਦ ਸਥਾਨਕ ਸਿਟੀ ਥਾਣੇ ਵਿਖੇ ਦਰਜ ਹੋਏ ਮਾਮਲੇ ਨੇ ਆਖਰ ਮੁਲਜ਼ਮ ਨੂੰ ਭਰੀ ਪੰਚਾਇਤ 'ਚ ਮਾਫ਼ੀ ਮੰਗਣ ਲਈ ਮਜਬੂਰ ਕਰ ਦਿਤਾ। ਭਾਵੇਂ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਸੀ ਪਰ ਮੁਲਜ਼ਮ ਨੇ ਸ਼ਿਕਾਇਤ ਕਰਤਾ ਡਾਕਟਰ ਨਾਲ ਖ਼ੁਦ ਹੀ ਸੰਪਰਕ ਕਰ ਕੇ ਅਪਣਾ ਗੁਨਾਹ ਕਬੂਲ ਲਿਆ ਅਤੇ ਡਾਕਟਰ ਨੇ 3 ਤੋਂ ਜਿਆਦਾ ਸੰਸਥਾਵਾਂ ਅਤੇ ਪਿੰਡ ਵਾਂਦਰ ਦੀ ਪੰਚਾਇਤ ਦੀ ਹਾਜ਼ਰੀ 'ਚ ਮੁਲਜ਼ਮ ਨੂੰ ਮਾਫ਼ ਵੀ ਕਰ ਦਿਤਾ।
ਪੰਚਾਇਤ ਦੀ ਹਾਜ਼ਰੀ 'ਚ ਅਪਣਾ ਪੱਖ ਰੱਖਦਾ ਹੋਇਆ ਅਮਨਜੀਤ ਸਿੰਘ ਵਾਂਦਰ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਆਡੀਓ 'ਚ ਪਿੰਡ ਵਾਂਦਰ ਜਿਲਾ ਮੋਗਾ ਦੇ ਵਸਨੀਕ ਅਮਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੂਰਾ ਦੇ ਸੰਚਾਲਕ ਡਾ. ਰਵੀ ਬਾਂਸਲ ਨੂੰ ਅਪਣੀ ਬੇਟੀ ਨਾਲ ਯੂ.ਕੇ. ਤੋਂ ਪਰਤਣ ਕਰ ਕੇ ਕੋਰੋਨਾ ਪੀੜਤ ਪਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੇ ਉਸ ਦੇ ਹਸਪਤਾਲ ਨੂੰ ਸੀਲ ਕਰ ਦਿਤਾ ਹੈ। ਕੋਟਕਪੂਰੇ ਦੇ ਪੱਤਰਕਾਰਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਉਪਰੰਤ ਉਕਤ ਆਡੀਊ ਨੂੰ ਝੂਠਾ ਸਾਬਤ ਕਰ ਦਿਤਾ ਤਾਂ ਡਾ ਰਵੀ ਬਾਂਸਲ ਨੇ ਐਸਐਸਪੀ ਅਤੇ ਸਿਵਲ ਸਰਜਨ ਫ਼ਰੀਦਕੋਟ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਕਾਰਵਾਈ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਉਸ ਦੇ ਹਸਪਤਾਲ ਨੂੰ ਬਦਨਾਮ ਕਰਨ ਦੀ ਸਾਜਿਸ਼ ਨਾਲ ਉਕਤ ਆਡੀਊ ਵਾਇਰਲ ਕੀਤੀ ਗਈ।
ਡਾ. ਰਵੀ ਬਾਂਸਲ ਨੇ ਦਸਿਆ ਕਿ ਉਕਤ ਅਫ਼ਵਾਹ ਕਾਰਨ ਹਸਪਤਾਲ 'ਚ ਦਾਖ਼ਲ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ), ਆੜਤੀਆਂ ਐਸੋਸੀਏਸ਼ਨ, ਪ੍ਰੈੱਸ ਕਲੱਬ ਅਤੇ ਪਿੰਡ ਵਾਂਦਰ ਦੀ ਪੰਚਾਇਤ ਦੀ ਹਾਜ਼ਰੀ 'ਚ ਅਮਨਜੀਤ ਸਿੰਘ ਨੇ ਲਿਖਤੀ ਤੌਰ 'ਤੇ ਮਾਫ਼ੀ ਮੰਗਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਕੋਟਕਪੂਰਾ ਪ੍ਰਸ਼ਾਸਨ ਨੂੰ ਕੋਰੋਨਾ ਦੀ ਕਰੋਪੀ ਦੇ ਸਬੰਧ 'ਚ ਸ਼ੁਰੂ ਕੀਤੇ ਗਏ ਰਾਹਤ ਫ਼ੰਡ ਲਈ 1 ਲੱਖ ਰੁਪਿਆ ਨਕਦ ਜਮ੍ਹਾਂ ਕਰਵਾਏਗਾ ਅਤੇ ਭਵਿੱਖ 'ਚ ਅਜਿਹੀ ਗ਼ਲਤੀ ਨਹੀਂ ਕਰੇਗਾ। ਡਾ. ਆਰ.ਸੀ. ਗਰਗ, ਡਾ. ਪ੍ਰਭਦੇਵ ਸਿੰਘ ਬਰਾੜ, ਡਾ. ਰਾਜਨ ਸਿੰਗਲਾ, ਕ੍ਰਿਸ਼ਨ ਕੁਮਾਰ ਗੋਇਲ ਸਮੇਤ ਹੋਰ ਪਤਵੰਤਿਆਂ ਦੀ ਸਹਿਮਤੀ ਨਾਲ ਡਾ. ਰਵੀ ਬਾਂਸਲ ਨੇ ਉਸ ਨੂੰ ਤਾੜਨਾ ਕਰਦਿਆਂ ਮਾਫ਼ੀਨਾਮੇ ਦੀ ਪ੍ਰਵਾਨਗੀ ਦੇ ਦਿਤੀ।