
ਸਰਨਾ ਭਰਾਵਾਂ ਵਲੋਂ ਦਿੱਲੀ ਦੇ ਸਿੱਖਾਂ ਦੀ ਕਚਹਿਰੀ ਵਿਚ ਪ੍ਰਣ ਪੱਤਰ ਪੇਸ਼
ਨਵੀਂ ਦਿੱਲੀ, 14 ਅਪ੍ਰੈਲ (ਅਮਨਦੀਪ ਸਿੰਘ): ਦਿੱਲੀ ਗੁਰਦਵਾਰਾ ਚੋਣਾਂ ਲਈ ਅੱਜ ਦਿੱਲੀ ਦੇ ਸਿੱਖਾਂ ਦੀ ਕਚਹਿਰੀ ਵਿਚ ਅਪਣਾ ਚੋਣ ਮਨੋਰਥ ਪੱਤਰ/ਪ੍ਰਣ ਪੱਤਰ ਪੇਸ਼ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਖੁੱਸਿਆ ਵਕਾਰ ਮੁੜ ਬਹਾਲ ਕਰਵਾਉਣ, ਕਮੇਟੀ ਦੇ ਸਕੂਲਾਂ/ਕਾਲਜਾਂ ਵਿਚੋਂ ਬਾਦਲਾਂ ਦੀ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਕਰਨ, 10 ਹਜ਼ਾਰ ਗ਼ਰੀਬ ਸਿੱਖ ਪਰਵਾਰਾਂ ਲਈ ਸਿਹਤ ਬੀਮਾ ਸਕੀਮ ਮੁੜ ਸ਼ੁਰੂ ਕਰਨ, 550 ਬਿਸਤਰਿਆਂ ਦਾ ਅਤਿ ਆਧੁਨਿਕ ਬਾਲਾ ਸਾਹਿਬ ਹਸਪਤਾਲ ਖੋਲ੍ਹਣ, ਸਿੱਖ ਖਿਡਾਰੀ ਤਿਆਰ ਕਰਨ ਸਣੇ ਧਰਮ ਪ੍ਰਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਠੋਸ ਉਪਰਾਲੇ ਕਰਨ ਦੇ ਵਾਅਦੇ ਕਰਦੇ ਹੋਏ ਹਲੀਮੀ ਨਾਲ ਦਿੱਲੀ ਦੀ ਸਿੱਖ ਸੰਗਤ ਦੀ ਸੇਵਾ ਵਿਚ ਡੱਟੇ ਰਹਿਣਾ ਦਾ ਭਰੋਸਾ ਦਿਤਾ ਹੈ।
ਅੱਜ ਇਥੇ ਅਪਣੀ ਰਿਹਾਇਸ਼ ਵਿਖੇ ਪਾਰਟੀ ਉਮੀਦਵਾਰਾਂ ਦੀ ਹਾਜ਼ਰੀ ਵਿਚ ਚੋਣ ਪੱਤਰ ਪੇਸ਼ ਕਰਦੇ ਹੋਏ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਇਹ ਐਲਾਨ ਪੱਤਰ ਨਹੀਂ, ਇਹ ਸਾਡਾ ਪ੍ਰਣ ਪੱਤਰ ਹੈ। ਬਾਦਲਾਂ ਨੇ ਦਿੱਲੀ ਦੇ ਸ਼ਾਨਾਮਤੇ ਗੁਰਦਵਾਰਾ ਪ੍ਰਬੰਧ, ਲੰਗਰ ਦੇ ਮਿਆਰ, ਸਕੂਲਾਂ/ਕਾਲਜਾਂ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿਤਾ ਹੈ ਜਿਸ ਕਰ ਕੇ ਅਸੀਂ ਸਾਰੇ ਖ਼ੂਨ ਦੇ ਹੰਝੂ ਵਹਾਅ ਰਹੇ ਹਾਂ। ਦੋ ਦੋ ਪ੍ਰਧਾਨਾਂ ’ਤੇ ਗੋਲਕ ਵਿਚ ਹੇਰਾਫੇਰੀਆਂ ਦੇ ਦੋਸ਼ ਵਿਚ ਐਫ਼ ਆਈ ਆਰਾਂ ਦਰਜ ਹੋ ਚੁਕੀਆਂ ਹਨ ਜਿਸ ਨਾਲ ਸਿੱਖ ਸੰਗਤ ਦਾ ਸਿਰ ਨੀਵਾਂ ਹੋਇਆ ਹੈ। ਅਸੀਂ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੋਂ ਸੇਧ ਲੈ ਕੇ ਸੰਗਤ ਦੇ ਸਹਿਯੋਗ ਨਾਲ ਮੁੜ ਸਿੱਖਾਂ ਦੀ ਸ਼ਾਨ ਤੇ ਮਾਣ ਬਹਾਲ ਕਰਵਾਵਾਂਗੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਦੁਨੀਆਂ ਪੱਧਰ ’ਤੇ ਮਨਾਉਂਦੇ ਹੋਏ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਵਾਂਗੇ।’’ ਇਸ ਵਾਰ ਸ.ਪਰਮਜੀਤ ਸਿੰਘ ਸਰਨਾ ਦੀ ਬਜਾਏ ਪੰਜਾਬੀ ਬਾਗ਼ ਚੋਣ ਹਲਕੇ ਤੋਂ ਦਿੱਲੀ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਵਿਰੁਧ ਚੋਣ ਲੜ ਰਹੇ ਸ.ਹਰਵਿੰਦਰ ਸਿੰਘ ਸਰਨਾ ਨੂੰ ਜਦੋਂ ‘ਸਪੋਕਸਮੈਨ’ ਵਲੋਂ ਪੁਛਿਆ ਗਿਆ ਕਿ ਕੀ ਭਵਿੱਖ ਵਿਚ ਸਿੱਖ ਅਦਾਰਿਆਂ ਤੇ ਹੋਰਨਾਂ ਕਾਰਜਾਂ ਲਈ ਫ਼ੰਡ ਦਾ ਪ੍ਰਬੰਧ ਕਿਥੋਂ ਕਰੋਗੇ, ਤਾਂ ਉਨ੍ਹਾਂ ਕਿਹਾ,“ਸੰਗਤ ਬਹੁਤ ਪੈਸਾ ਦਿੰਦੀ ਹੈ। ਅਸੀਂ ਦੋਹਾਂ ਭਰਾਵਾਂ ਨੇ 13 ਸਾਲ (ਦਿੱਲੀ ਕਮੇਟੀ ਦਾ) ਪ੍ਰਬੰਧ ਚਲਾਇਆ ਹੈ, ਕਦੇ ਕਿਸੇ ਕੋਲ ਕੋਈ ਪੈਸਾ ਨਹੀਂ ਸੀ ਮੰਗਿਆ। ਜਦ (ਗੋਲਕ) ਚੋਰੀ ਨਹੀਂ ਹੋਵੇਗੀ, ਤਾਂ ਦੁਗਣੇ ਕਾਰਜ ਆਪੇ ਹੋ ਸਕਣਗੇ।’’
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਗੁਰਮੀਤ ਸਿੰਘ ਸ਼ੰਟੀ, ਸ.ਰਮਨਦੀਪ ਸਿੰਘ, ਸ.ਇੰਦਰਜੀਤ ਸਿੰਘ ਲਵਲੀ, ਸ.ਤਰਵਿੰਦਰ ਸਿੰਘ ਮਾਰਵਾਹ, ਪ੍ਰਿੰਸੀਪਲ ਐਸ.ਐਸ. ਮਿਨਹਾਸ ਸਣੇ ਹੋਰ ਉਮੀਦਵਾਰ ਵੀ ਹਾਜ਼ਰ ਸਨ।