
ਪਿੰਡ ਉੜਾਂਗ ’ਚ ਅੱਗ ਨਾਲ 120 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ
ਹਫ਼ਤੇ ਵਿਚ ਅੱਗ ਲੱਗਣ ਦੀ ਲਗਾਤਾਰ ਦੂਜੀ ਘਟਨਾ , 8 ਅਪ੍ਰੈਲ ਨੂੰ ਅੱਗ ਨਾਲ ਸੜੀ ਸੀ 8 ਏਕੜ ਕਣਕ
ਮਲੋਟ, 14 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ) : ਸਬ ਡਵੀਜ਼ਨ ਮਲੋਟ ਦੇ ਪਿੰਡ ਉੜਾਂਗ ਵਿਚ ਅੱਜ ਫਿਰ ਅੱਗ ਨੇ ਤਾਂਡਵ ਮਚਾ ਦਿਤਾ ਜਦੋਂ 120 ਏਕੜ ਦੇ ਕਰੀਬ ਕਣਕ ਦੀ ਖੇਤਾਂ ਵਿਚ ਖੜੀ ਫ਼ਸਲ ਅਚਾਨਕ ਲੱਗੀ ਅੱਗ ਦੀ ਭੇਟ ਚੜ੍ਹ ਗਈ। ਅੱਗ ਲੱਗਣ ਦਾ ਕਾਰਨ ਅਜੇ ਤਕ ਪਤਾ ਨਹੀ ਲੱਗ ਸਕਿਆ। ਪਿੰਡ ਉੜਾਂਗ ’ਚ ਇਕ ਹਫ਼ਤੇ ਵਿਚ ਦੂਜੀ ਘਟਨਾ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਕੇ ਰੱਖ ਦਿਤਾ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵਕਤ ਪਿੰਡ ਉੜਾਂਗ ਦੇ ਖੇਤਾਂ ਵਿਚ ਪੱਕੀ ਖੜੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ ਜੋ ਦੇਖਦਿਆਂ ਹੀ ਦੇਖਦਿਆਂ ਵਿਕਰਾਲ ਰੂਪ ਧਾਰਨ ਕਰ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਗੁਰੂ ਘਰ ਦੇ ਸਪੀਕਰ ਰਾਂਹੀ ਅਨਾਊਂਸਮੈਂਟਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪਿੰਡ ਦੇ ਲੋਕ ਆਪੋ ਅਪਣੇ ਸਾਧਨ ਲੈ ਕੇ ਘਟਨਾ ਵਾਲੀ ਥਾਂ ਵਲ ਭੱਜੇ, ਉਧਰ ਸੂਚਨਾਂ ਮਿਲਦਿਆਂ ਹੀ ਮਲੋਟ, ਮੁਕਤਸਰ ਅਤੇ ਅਬੋਹਰ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਪਿੰਡ ਮਿੱਡਾਂ ਦੀ
ਪੰਚਾਇਤ ਦੁਆਰਾ ਤਿਆਰ ਕੀਤੀ ਗਈ ਅੱਗ ਬੁਝਾਉਣ ਵਾਲੀ ਟੈਂਕੀ ਲੈ ਕੇ ਅੱਗ ’ਤੇ ਕਾਬੂ ਪਾਉਣ ਦੇ ਯਤਨਾਂ ਵਿਚ ਜੁਟ ਗਏ।
ਦੋ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਕਿਸਾਨਾਂ ਅਤੇ ਫ਼ਾਇਰ ਅਮਲੇ ਨੇ ਅੱਗ ਨੂੰ ਫੈਲਣ ਤੋਂ ਰੋਕ ਲਿਆ ਇਸ ਜਦੋਂ-ਜਹਿਦ ਦੇ ਬਾਵਜੂਦ ਇਕ ਦਰਜਨ ਕਿਸਾਨਾਂ ਦੀ ਕਰੀਬ 120 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ।
ਫ਼ਾਇਰ ਅਧਿਕਾਰੀਆਂ ਨੇ ਦਸਿਆ ਕਿ ਬਲਜੀਤ ਸਿੰਘ ਪੁੱਤਰ ਮੋਹਰ ਸਿੰਘ ਦੀ 18 ਏਕੜ, ਨਿਰਭੈ ਸਿੰਘ ਪੁੱਤਰ ਮਿੱਠੂ ਸਿੰਘ ਦੀ 14 ਏਕੜ, ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ 5 ਏਕੜ, ਗੁਰਪ੍ਰੀਤ ਸਿੰਘ ਪੁੱਤਰ ਸਖਦੇਵ ਸਿੰਘ 10 ਏਕੜ, ਸੁਖਮੰਦਰ ਸਿੰਘ ਪੁੱਤਰ ਮੇਜਰ ਸਿੰਘ ਦੀ 8 ਏਕੜ, ਮੇਜਰ ਸਿੰਘ ਪੁੱਤਰ ਸ਼ੇਰ ਸਿੰਘ 6 ਏਕੜ, ਹਰਸ਼ਮਿੰਦਰ ਸਿੰਘ ਗੁਰਜੰਟ ਸਿੰਘ ਦੀ 16 ਏਕੜ, ਹਰਦੇਵ ਸਿੰਘ ਪੁੱਤਰ ਤਾਰ ਸਿੰਘ, 5 ਏਕੜ, ਪੱਪੀ ਸਿੰਘ ਪੁੱਤਰ ਤਾਰ ਸਿੰਘ ਦੀ 4 ਏਕੜ, ਬਲਦੇਵ ਸਿੰਘ ਪੁੱਤਰ ਤਾਰ ਸਿੰਘ ਦੀ 4 ਏਕੜ, ਹਰਸ਼ਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਦੀ 12 ਏਕੜ, ਦੇ ਨਾਲ 40 ਏਕੜ ਕਣਕ ਦਾ ਨਾੜ ਵੀ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਸਰਕਾਰ ਤੋਂ ਕਿਸਾਨਾਂ ਦੀ ਅੱਗ ਲੱਗਣ ਨਾਲ ਸੜੀ ਫ਼ਸਲ ਦੇ 100 ਫ਼ੀ ਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਕ ਹਫ਼ਤੇ ਵਿਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਲੰਘੀ 8 ਅਪ੍ਰੈਲ ਨੂੰ ਵੀ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 8 ਏਕੜ ਕਣਕ ਦੀ ਫ਼ਸਲ ਸੜ ਗਈ ਸੀ।
ਫੋਟੋ ਕੈਪਸ਼ਨ :2 -ਅੱਗ ਲੱਗਣ ਕਾਰਨ ਖੇਤਾਂ ’ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਅਤੇ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਫ਼ਾਇਰ ਅਧਿਕਾਰੀ ਜਾਣਕਾਰੀ ਦਿੰਦੇ ਹੋਏ।