
ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਿਸੇ ਵੀ ਜਾਂਚ ਲਈ ਤਿਆਰ ਹਨ।
ਚੰਡੀਗੜ੍ਹ: ਵਜ਼ੀਫ਼ਾ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਿਸੇ ਵੀ ਜਾਂਚ ਲਈ ਤਿਆਰ ਹਨ। ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਵਜ਼ੀਫ਼ਾ ਘੁਟਾਲਾ ਤਾਂ ਕਦੀ ਹੋਇਆ ਹੀ ਨਹੀਂ।
ਉਹਨਾਂ ਕਿਹਾ, “ਵਜ਼ੀਫ਼ਾ ਘੁਟਾਲਾ ਤਾਂ ਕਦੇ ਹੋਇਆ ਹੀ ਨਹੀਂ, ਇਕ ਪੈਸੇ ਦਾ ਵੀ ਘੁਟਾਲਾ ਨਹੀਂ ਹੋਇਆ। ਕੈਪਟਨ ਸਰਕਾਰ ਤੇ ਚੰਨੀ ਸਰਕਾਰ ਨੇ ਜਾਂਚ ਕਰਵਾਉਣ ਤੋਂ ਬਾਅਦ ਮੈਨੂੰ ਕਲੀਨ ਚਿੱਟ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਉਹ ਵੀ ਖੁਦ ਕੋਲ ਬੈਠ ਕੇ ਜਾਂਚ ਕਰਵਾਉਣ। ਜੇ ਲੋੜ ਪਈ ਮੈਂ ਕੋਲ ਆ ਕੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ”।
ਦਰਅਸਲ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੋਸਟ ਮੈਟ੍ਰਿਕ ਵਜ਼ੀਫਾ ਘੁਟਾਲੇ ਨੂੰ ਅੰਜ਼ਾਮ ਦੇਣ ਵਾਲੇ ਲੋਕ ਛੇਤੀ ਹੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਘਿਨੌਣਾ ਤੇ ਨਾ-ਮੁਆਫ਼ੀ ਯੋਗ ਅਪਰਾਧ ਹੈ ਜਿਸ ਕਰਕੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਛੇਤੀ ਹੀ ਇਸ ਘੁਟਾਲੇ ਦਾ ਮੁੱਖ ਦੋਸ਼ੀ ਜੇਲ੍ਹ ਵਿਚ ਚੰਗੀਆਂ ਸਹੂਲਤਾਂ ਲਈ ਅਦਾਲਤਾਂ ਵਿਚ ਅਰਜ਼ੀਆਂ ਦਾਇਰ ਕਰਦਾ ਦਿਖਾਈ ਦੇਵੇਗਾ।