
ਮੱਕੀ ਦੀ ਫ਼ਸਲ ’ਚ ਖਾਦ ਪਾਉਂਦੇ ਸਮੇਂ ਪਿਆ ਦਿਲ ਦਾ ਦੌਰਾ
Punjab News: ਨੇੜਲੇ ਪਿੰਡ ਰਾਮਗੜ੍ਹ-ਗੌਂਸਗੜ੍ਹ ਦੇ ਵਾਸੀ ਕਿਸਾਨ ਮਨਪ੍ਰੀਤ ਸਿੰਘ (34) ਦੀ ਖੇਤਾਂ ਵਿਚ ਕੰਮ ਕਰਨ ਸਮੇਂ ਅਚਨਚੇਤ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਅਪਣੇ ਭਰਾ ਨਾਲ ਖੇਤਾਂ ’ਚ ਮੱਕੀ ਦੀ ਫ਼ਸਲ ’ਤੇ ਖਾਦ ਪਾ ਰਿਹਾ ਸੀ ਕਿ ਅਚਾਨਕ ਉਸ ਨੂੰ ਚੱਕਰ ਆ ਗਿਆ।
ਮਨਪ੍ਰੀਤ ਸਿੰਘ ਨੂੰ ਉਸ ਦੇ ਭਰਾ ਨੇ ਮੰਜੇ ’ਤੇ ਪਾਇਆ ਅਤੇ ਉੱਥੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ। ਪਰਵਾਰ ਉਸ ਨੂੰ ਤੁਰਤ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ।
ਮੌਤ ਤੋਂ ਪਹਿਲਾਂ ਉਹ ਵਿਸਾਖੀ ਵਾਲੇ ਦਿਨ ਅਪਣੇ ਤਿੰਨ ਬੱਚਿਆਂ ਨੂੰ ਲੈ ਕੇ ਪਤਨੀ ਸਮੇਤ ਗੁਰਦੁਆਰਾ ਚਰਨ ਕੰਵਲ ਸਾਹਿਬ ਮੱਥਾ ਟੇਕਣ ਆਇਆ ਅਤੇ ਬਾਅਦ ਦੁਪਹਿਰ ਜਾ ਕੇ ਖੇਤਾਂ ਵਿਚ ਕੰਮ ਕਰਨ ਲੱਗਾ। ਤਿੰਨ ਮਹੀਨੇ ਪਹਿਲਾਂ ਹੀ ਉਸ ਦੇ ਘਰ ਬੇਟਾ ਪੈਦਾ ਹੋਇਆ ਸੀ ਅਤੇ 2 ਛੋਟੀਆਂ ਛੋਟੀਆਂ ਧੀਆਂ ਵੀ ਹਨ। ਕਿਸਾਨ ਦੀ ਅਚਨਚੇਤ ਮੌਤ ਨਾਲ ਪਰਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਅਤੇ ਅੱਜ ਨਮ ਅੱਖਾਂ ਨਾਲ ਉਸ ਦਾ ਪਿੰਡ ਵਿਚ ਅੰਤਮ ਸਸਕਾਰ ਕਰ ਦਿਤਾ ਗਿਆ।