
23ਵੇਂ ਕਾਨੂੰਨ ਪੈਨਲ ਦੀ ਸਥਾਪਨਾ ਪਿਛਲੇ ਸਾਲ 3 ਸਤੰਬਰ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਗਈ ਸੀ।
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਦਿਨੇਸ਼ ਮਹੇਸ਼ਵਰੀ ਨੂੰ 23ਵੇਂ ਕਾਨੂੰਨ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਵਲੋਂ ਪ੍ਰਸਤਾਵਿਤ ਭਾਰਤ ਦੇ 23ਵੇਂ ਕਾਨੂੰਨ ਕਮਿਸ਼ਨ ’ਚ ਜਸਟਿਸ ਦਿਨੇਸ਼ ਮਹੇਸ਼ਵਰੀ, ਹਿਤੇਸ਼ ਜੈਨ ਅਤੇ ਪ੍ਰੋਫੈਸਰ ਡੀ.ਪੀ. ਵਰਮਾ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿਤੀ ਹੈ। ਉਨ੍ਹਾਂ ਨੇ ਅੱਜ ਅਹੁਦਾ ਸੰਭਾਲ ਲਿਆ।
23ਵੇਂ ਕਾਨੂੰਨ ਪੈਨਲ ਦੀ ਸਥਾਪਨਾ ਪਿਛਲੇ ਸਾਲ 3 ਸਤੰਬਰ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਗਈ ਸੀ। ਐਡਵੋਕੇਟ ਹਿਤੇਸ਼ ਜੈਨ ਅਤੇ ਪ੍ਰੋਫੈਸਰ ਡੀ.ਪੀ. ਵਰਮਾ ਨੂੰ ਪੂਰੇ ਸਮੇਂ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਵਰਮਾ ਪਿਛਲੇ ਕਾਨੂੰਨ ਕਮਿਸ਼ਨ ਦਾ ਵੀ ਹਿੱਸਾ ਸਨ।
ਕਮਿਸ਼ਨ ਨੂੰ ਇਹ ਵੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ ਕਿ ਕੀ ਦੇਸ਼ ਵਿਚ ਇਕਸਾਰ ਨਾਗਰਿਕ ਸੰਹਿਤਾ ਨੂੰ ਲਾਗੂ ਕੀਤਾ ਜਾ ਸਕਦਾ ਹੈ? ਜਸਟਿਸ ਮਹੇਸ਼ਵਰੀ ਮਈ 2023 ’ਚ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਏ ਸਨ।ਉਸ ਨੇ ਸਤੰਬਰ 2004 ’ਚ ਰਾਜਸਥਾਨ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁਕੀ ਅਤੇ ਜੁਲਾਈ 2014 ’ਚ ਇਲਾਹਾਬਾਦ ਹਾਈ ਕੋਰਟ ’ਚ ਤਬਦੀਲ ਕਰ ਦਿਤਾ ਗਿਆ। ਉਹ ਫ਼ਰਵਰੀ 2016 ’ਚ ਮੇਘਾਲਿਆ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਫਿਰ ਫ਼ਰਵਰੀ 2018 ’ਚ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਬਣੇ। ਉਨ੍ਹਾਂ ਨੇ ਜਨਵਰੀ 2019 ’ਚ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕੀ ਸੀ ਅਤੇ 14 ਮਈ, 2023 ਨੂੰ ਅਹੁਦਾ ਛੱਡ ਦਿਤਾ ਸੀ।