
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਬੈਂਕ ਦੇ ਵੱਡੇ ਦੇਣਦਾਰਾਂ ਵਿਰੁਧ ਕਾਰਵਾਈ ਕਰਨ ਲਈ ਕੀਤੀ ਸਖ਼ਤੀ ਦਾ ਅਸਰ ...
ਚੰਡੀਗੜ੍ਹ: ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਬੈਂਕ ਦੇ ਵੱਡੇ ਦੇਣਦਾਰਾਂ ਵਿਰੁਧ ਕਾਰਵਾਈ ਕਰਨ ਲਈ ਕੀਤੀ ਸਖ਼ਤੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਵਿਭਾਗ ਵਲੋਂ ਵੱਡੇ ਦੇਣਦਾਰਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਹੁਣ ਤਕ ਅਜਿਹੇ ਦੇਣਦਾਰਾਂ ਵਲੋਂ 5 ਕਰੋੜ ਰੁਪਏ ਜਮ੍ਹਾਂ ਕਰਵਾ ਦਿਤੇ ਗਏ ਹਨ। ਇਨ੍ਹਾਂ ਵਿਚੋਂ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਵਾਰ ਵਲੋਂ 95.70 ਲੱਖ ਰੁਪਏ ਦੇ ਚੈੱਕ ਜਮ੍ਹਾਂ ਕਰਵਾ ਦਿਤੇ ਹਨ।ਸਰਕਾਰੀ ਬੁਲਾਰੇ ਵਲੋਂ ਦਿਤੀ ਜਾਣਕਾਰੀ ਅਨੁਸਾਰ ਸਹਿਕਾਰੀ ਬੈਂਕ ਦੇ ਵੱਡੇ ਦੇਣਦਾਰਾਂ ਵਿਰੁਧ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਦੇਣਦਾਰਾਂ ਵਲੋਂ ਅੱਜ ਤਕ 5 ਕਰੋੜ ਰੁਪਏ ਜਮ੍ਹਾਂ ਕਰਵਾ ਦਿਤੇ ਹਨ। ਬੁਲਾਰੇ ਨੇ ਅੱਗੇ ਦਸਿਆ ਕਿ ਪੰਜਾਬ ਖੇਤੀਬਾੜੀ ਵਿਕਾਸ ਬੈਂਕ, ਮਲੋਟ ਦੇ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਵਾਰ ਵਲੋਂ 95,70,000 ਰੁਪਏ ਦੀ ਕੁਲ ਰਾਸ਼ੀ ਦੇ ਤਿੰਨ ਚੈੱਕ ਜਮ੍ਹਾਂ ਕਰਵਾ ਦਿਤੇ ਹਨ ਜਿਨ੍ਹਾਂ ਵਿਚੋਂ 30 ਲੱਖ ਰੁਪਏ ਦਾ ਚੈੱਕ ਅੱਜ ਦੀ ਤਰੀਕ ਵਿਚ ਜਮ੍ਹਾਂ ਕਰਵਾਇਆ ਗਿਆ ਜਦੋਂ ਕਿ ਦੋ ਚੈੱਕ ਅਗਲੀਆਂ ਤਰੀਕਾਂ ਵਿਚ ਭੁਗਤਾਏ ਜਾਣ ਵਾਲੇ ਹਨ। ਇਨ੍ਹਾਂ ਵਿਚੋਂ ਇਕ ਚੈੱਕ 33 ਲੱਖ ਰੁਪਏ ਦਾ 31 ਦਸੰਬਰ 2018 ਅਤੇ 32,70,000 ਰੁਪਏ ਦਾ ਚੈੱਕ 30 ਜੂਨ 2019 ਦੀ ਤਰੀਕ ਵਿਚ ਦਿਤਾ ਹੈ। ਕੋਲਿਆਂਵਾਲੀ ਦੇ ਪਰਵਾਰ ਨੇ ਪਿਛਲੇ 10 ਸਾਲ ਤੋਂ ਅਪਣੇ ਵੱਲ ਦੇਣਦਾਰੀ ਦੀ ਕੋਈ ਵੀ ਕਿਸ਼ਤ ਨਹੀਂ ਜਮ੍ਹਾਂ ਕਰਵਾਈ ਸੀ।
Dayal Singh Kollianwali
ਇਸ ਮਾਮਲੇ ਸਬੰਧੀ ਕੋਲਿਆਂਵਾਲੀ ਨੂੰ ਨੋਟਿਸ ਜਾਰੀ ਨਾ ਕਰਨ ਉਤੇ ਸਹਿਕਾਰਤਾ ਮੰਤਰੀ ਵਲੋਂ ਮਲੋਟ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਮੈਨੇਜਰ ਨੂੰ ਮੁਅੱਤਲ ਕਰ ਕੇ ਮਲੋਟ ਦੇ ਸਹਾਇਕ ਰਜਿਸਟਰਾਰ ਨੂੰ ਨੋਟਿਸ ਭੇਜਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਕੋਲਿਆਂਵਾਲੀ ਦੇ ਪਰਵਾਰ ਨੂੰ ਭੇਜੇ ਨੋਟਿਸ ਵਿਚ 23 ਮਈ ਤਕ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣੇ ਸਨ। ਕੋਲਿਆਂਵਾਲੀ ਦੇ ਪਰਵਾਰ ਵਲੋਂ ਹੁਣ ਕੱਲ 95.70 ਲੱਖ ਰੁਪਏ ਰਕਮ ਦੇ ਤਿੰਨ ਚੈੱਕ ਜਮ੍ਹਾਂ ਕਰਵਾਉਣ ਤੋਂ ਬਾਅਦ ਦੇਣਦਾਰੀ ਦੀ ਸਾਰੀ ਰਕਮ ਜਮ੍ਹਾਂ ਹੋ ਜਾਵੇਗੀ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਇਹ ਵੀ ਕਿਹਾ ਕਿ ਦੇਣਦਾਰਾਂ ਵਿਰੁਧ ਕਾਰਵਾਈ ਕਰਨ ਵਾਲੇ ਡਿਪਟੀ ਰਜਿਸਟਰਾਰਾਂ ਤੇ ਸਹਾਇਕ ਰਜਿਸਟਰਾਰਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਜਾਣਗੇ। ਬੁਲਾਰੇ ਨੇ ਦਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਜਗਦੀਸ਼ ਰਾਜ ਸਾਹਨੀ ਦੇ ਪਰਵਾਰ ਵਲੋਂ 20.90 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਸਨ।