
ਜ਼ਿਆਦਾ ਪਰਵਾਸੀਆਂ ਨੂੰ ਲੈ ਜਾਣ ਲਈ ਰੇਲਵੇ ਨੇ ਹੋਰ ਰੇਲਾਂ ਕੀਤੀਆਂ ਪ੍ਰਾਪਤ
ਐਸ.ਏ.ਐਸ. ਨਗਰ, 14 ਮਈ (ਸੁਖਦੀਪ ਸਿੰਘ ਸੋਈਂ): ਸੱਠ ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਅਪਣੇ-ਅਪਣੇ ਘਰਾਂ ਵਿਚ ਭੇਜਣ ਦੀ ਚੁਨੌਤੀ ਦਾ ਸਾਹਮਣਾ ਕਰਦਿਆਂ ਮੁਹਾਲੀ ਪ੍ਰਸਾਸਨ ਨੇ ਇਕ ਹਫ਼ਤੇ ਵਿਚ ਲਗਭਗ 15 ਹਜ਼ਾਰ ਨੂੰ ਸਫ਼ਲਤਾਪੂਰਵਕ ਵਾਪਸ ਭੇਜਿਆ ਹੈ।
ਡਿਪਟੀ ਕਮਿਸ਼ਨਰ ਗਿਰੀਸ਼ ਦਿਯਾਲਨ ਨੇ ਕਿਹਾ ''ਅਸੀਂ ਅੰਕੜੇ ਇਕੱਠੇ ਕੀਤੇ ਹਨ, ਅੰਕੜਿਆਂ 'ਤੇ ਕੰਮ ਕੀਤਾ ਹੈ ਅਤੇ ਬਾਹਰੀ ਪ੍ਰਵਾਸੀਆਂ ਲਈ ਜ਼ਿਲ੍ਹੇ ਅਨੁਸਾਰ ਰਵਾਨਗੀ ਦਾ ਸ਼ਡਿਊਲ ਤਿਆਰ ਕੀਤਾ ਹੈ। ਬਹੁਤ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਹਰਦੋਈ ਦੀ ਤਰ੍ਹਾਂ ਜਾਣਾ ਚਾਹੁੰਦੇ ਸਨ ਅਤੇ ਇਸ ਤੋਂ ਬਾਅਦ ਕਈ ਨੇੜਲੀਆਂ ਥਾਵਾਂ ਦੇ ਲੋਕਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਭੇਜਿਆ ਜਾ ਰਿਹਾ ਹੈ।''
ਗਿਰੀਸ਼ ਦਯਾਲਨ ਨੇ ਦਸਿਆ ''ਆਉਣ ਵਾਲੇ ਸਮੇਂ ਝੋਨੇ ਦੀ ਲੁਆਈ ਦੌਰਾਨ ਰੁਜ਼ਗਾਰ ਦੇ ਮੌਕੇ ਦੇ ਨਾਲ-ਨਾਲ ਮਜ਼ਦੂਰਾਂ ਦੀ ਉਦਯੋਗਿਕ ਅਤੇ ਨਿਰਮਾਣ ਖੇਤਰਾਂ ਵਿਚ ਸਰਗਰਮੀ ਦੀ ਬਹਾਲੀ ਦੇ ਨਾਲ ਘਰ ਵਾਪਸੀ ਲਈ ਰਜਿਸਟਰ ਨਾ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ। ਰੋਜ਼ਾਨਾ ਤੀਹ ਪ੍ਰਤੀਸਤ ਪਰਵਾਸੀ ਵਾਪਸ ਜਾਣ ਤੋਂ ਇਨਕਾਰ ਕਰ ਰਹੇ ਹਨ।” ਅਸਲ ਵਿਚ, ਅਸੀਂ ਮੁਹਾਲੀ ਪ੍ਰਸਾਸ਼ਨ ਵਲੋਂ ਨਿਰਧਾਰਤ ਕੀਤੀ ਗਈ ਮੰਜ਼ਲ 'ਤੇ ਜਾਣ ਦੀ ਇੱਛਾ ਰੱਖਣ ਵਾਲੇ ਰੋਪੜ ਅਤੇ ਨਵਾਂ ਸ਼ਹਿਰ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਵੀ ਮੋਹਾਲੀ ਤੋਂ ਬੋਰਡਿੰਗ ਸਹੂਲਤ ਵਿਚ ਵਾਧਾ ਕਰਨ ਜਾ ਰਹੇ ਹਾਂ।
ਗਰੀਸ਼ ਦਿਆਲਨ ਨੇ ਕਿਹਾ ਕਿ ਇਸੇ ਤਰਾਂ ਮੁਹਾਲੀ ਦੇ ਬਹੁਤ ਘੱਟ ਗਿਣਤੀ ਦੇ ਲੋਕਾਂ, ਜੋ ਉਸ ਸਥਾਨ ਤੇ ਜਾਣਾ ਚਾਹੁੰਦੇ ਹਨ ਜੋ ਸਥਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਡਿਊਲ ਵਿਚ ਨਹੀਂ ਹੈ, ਨੂੰ ਗੁਆਂਢੀ ਜ਼ਿਲ੍ਹਿਆਂ ਤੋਂ ਉਸ ਮੰਜ਼ਲ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਰਵਾਨਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਸਿਆ ਕਿ 225 ਪ੍ਰਵਾਸੀਆਂ ਨੂੰ ਬੁੱਧਵਾਰ ਨੂੰ ਬੱਸਾਂ ਰਾਹੀਂ ਸਰਹਿੰਦ ਲਈ ਭੇਜਿਆ ਗਿਆ ਜਿਥੋਂ ਉਹਨਾ ਨੂੰ ਮਨੀਪੁਰ ਅਤੇ ਆਂਧਰਾ ਪ੍ਰਦੇਸ ਲਈ ਰਵਾਨਾ ਕੀਤਾ ਗਿਆ ਹੈ ਜਦੋਂਕਿ ਲਗਭਗ 900 ਹੋਰ ਸ਼ੁਕਰਵਾਰ ਨੂੰ ਮੱਧ ਪ੍ਰਦੇਸ ਜਾਣਗੇ। ਇਸ ਤੋਂ ਇਲਾਵਾ, ਪ੍ਰਾਈਵੇਟ ਵਾਹਨਾਂ 'ਤੇ ਵਾਪਸ ਜਾਣ ਦੀ ਮੰਗ ਕਰ ਰਹੇ ਲੋਕਾਂ ਨੂੰ ਸਕਰੀਨਿੰਗ ਤੋਂ ਬਾਅਦ ਇਜਾਜ਼ਤ ਦਿਤੀ ਜਾ ਰਹੀ ਹੈ।
ਅੱਠਵੀਂ ਸਪੈਸ਼ਲ ਰੇਲਗੱਡੀ ਮੋਹਾਲੀ ਰੇਲਵੇ ਸਟੇਸ਼ਨ ਤੋਂ ਵੀਰਵਾਰ ਨੂੰ ਬਿਹਾਰ ਲਈ ਰਵਾਨਾ ਹੋਈ, ਜਿਸ ਵਿਚ 1501 ਪਰਵਾਸੀ ਮਜਦੂਰਾਂ ਨੂੰ ਵਾਪਸ ਆਪਣੇ ਗ੍ਰਹਿ ਰਾਜ ਭੇਜਿਆ ਗਿਆ। ਰੇਲਗੱਡੀਆਂ ਵਿਚ ਬੋਗੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਇਹ ਕਟਿਹਾਰ, ਪਟਨਾ, ਚੰਪਾਰਣ ਅਤੇ ਬਰੌਨੀ ਵਿਖੇ ਠਹਿਰਾਅ ਨਾਲ ਜਾਵੇਗੀ।