
ਆਬਕਾਰੀ ਨੀਤੀ ਦੇ ਮੁੱਦੇ 'ਤੇ ਪ੍ਰੀ-ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਨਾਲ ਹੋਏ ਵਿਵਾਦ ਅਤੇ ਸਾਰੇ ਮੰਤਰੀਆਂ ਵਲੋਂ ਮੁੱਖ ਸਕੱਤਰ ਦੇ ਬਾਈਕਾਟ ਦਾ ਮਤਾ ਮੰਤਰੀ ਮੰਡਲ
ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਆਬਕਾਰੀ ਨੀਤੀ ਦੇ ਮੁੱਦੇ 'ਤੇ ਪ੍ਰੀ-ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਨਾਲ ਹੋਏ ਵਿਵਾਦ ਅਤੇ ਸਾਰੇ ਮੰਤਰੀਆਂ ਵਲੋਂ ਮੁੱਖ ਸਕੱਤਰ ਦੇ ਬਾਈਕਾਟ ਦਾ ਮਤਾ ਮੰਤਰੀ ਮੰਡਲ 'ਚ ਪਾਸ ਕਰ ਦੇਣ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਸਾਥੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਥਿਤ ਤੌਰ 'ਤੇ ਧਮਕੀ ਦੇਣ ਦਾ ਮਾਮਲਾ ਵੀ ਇਸ ਸਮੇਂ ਭਖ ਗਿਆ ਹੈ। ਇਸ ਨੂੰ ਲੈ ਕੇ ਸੂਬੇ ਦੇ ਸਿਆਸੀ ਹਲਕਿਆਂ 'ਚ ਖ਼ੂਬ ਚਰਚੇ ਹਨ। ਸਾਂਝਾ ਮਤਾ ਪਾਸ ਕਰ ਦੇਣ ਦੇ ਬਾਵਜੂਦ ਹੁਣ ਮੰਤਰੀਆਂ ਦੇ ਵੀ ਦੋ ਹਿੱਸਿਆਂ 'ਚ ਵੰਡੇ ਜਾਣ ਦੀ ਚਰਚਾ ਸੁਣਨ 'ਚ ਆ ਰਹੀ ਹੈ।
ਇਸੇ ਦੌਰਾਨ ਧਮਕੀ ਦਿਤੇ ਜਾਣ ਦੇ ਦੋਸ਼ਾਂ ਤੋਂ ਬਾਅਦ ਅੱਜ ਦੋਵੇਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਖੁਲ੍ਹ ਕੇ ਇਕ-ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਹਨ। ਬਾਜਵਾ ਵਲੋਂ ਟੀ.ਵੀ. ਚੈਨਲਾਂ 'ਤੇ ਧਮਕੀ ਬਾਰੇ ਦਿਤੀ ਸਫ਼ਾਈ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੋੜਵਾਂ ਜਵਾਬ ਦਿੰਦਿਆਂ ਮੁੜ ਧਮਕੀ ਦੇਣ ਦੇ ਦੋਸ਼ ਦੁਹਰਾਏ ਹਨ।
File photo
ਸਪੋਕਸਮੈਨ ਵਲੋਂ ਵੀ ਇਸ ਸਬੰਧੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਧਮਕੀ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਮੈਂ ਤਾਂ ਚੰਨੀ ਅਤੇ ਉਸ ਦੇ ਭਰਾ ਦੀ ਹਮੇਸ਼ਾ ਮਦਦ ਕੀਤੀ ਹੈ ਅਤੇ ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਮੰਤਰੀ ਮੰਡਲ 'ਚ ਸਾਂਝੇ ਮਤੇ ਦੀ ਹਮਾਇਤ ਕਿਉਂ ਕਰਦਾ? ਉਨ੍ਹਾਂ ਕਿਹਾ ਕਿ ਭਾਵੇਂ ਚੰਨੀ ਕੁੱਝ ਵੀ ਕਹਿਣ ਉਹ ਜ਼ਿਆਦਾ ਨਹੀਂ ਬੋਲਣਗੇ ਪਰ ਏਨਾ ਜ਼ਰੂਰ ਕਹਾਂਗਾ ਕਿ ਇਸ ਮੁੱਦੇ ਨੂੰ ਕੋਈ ਜਾਤੀ-ਪਾਤੀ ਰੰਗਤ ਨਹੀਂ ਦੇਣੀ ਚਾਹੀਦੀ ਜਦਕਿ ਕਾਂਗਰਸ ਪਾਰਟੀ ਤਾਂ ਕਿਸੇ ਧਰਮ, ਜਾਤੀ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਕੰਮ ਕਰਨ ਵਾਲੀ ਪਾਰਟੀ ਹੈ।
ਇਸੇ ਦੌਰਾਨ ਮੰਤਰੀ ਚੰਨੀ ਨੇ ਬਾਜਵਾ ਦੀ ਸਫ਼ਾਈ ਤੋਂ ਬਾਅਦ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਆਉਂਦਾ ਹਾਂ ਅਤੇ ਗੁਰੂ ਸਾਹਿਬਾਨ ਨੂੰ ਹਾਜ਼ਰ-ਨਾਜਰ ਜਾਣ ਕੇ ਮੁੜ ਕਹਿ ਰਿਹਾ ਹਾਂ ਕਿ ਬਾਜਵਾ ਨੇ ਉਨ੍ਹਾਂ ਨੂੰ ਧਮਕੀ ਵਾਲੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਸੀ ਦੇਣਾ ਚਾਹੁੰਦਾ ਪਰ ਬਾਜਵਾ ਜੀ ਨੇ ਚੈਨਲ 'ਤੇ ਜਾ ਕੇ ਮੈਨੂੰ ਵੀ ਹੁਣ ਸਾਹਮਣੇ ਆ ਕੇ ਗੱਲ ਕਹਿਣ ਲਈ ਮਜਬੂਰ ਕਰ ਦਿਤਾ ਹੈ।
ਚੰਨੀ ਦਾ ਕਹਿਣਾ ਹੈ ਕਿ ਇਹ ਮਾਮਲਾ ਮੈਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਧਿਆਨ 'ਚ ਲਿਆ ਦਿਤਾ ਹੈ ਕਿਉਂਕਿ ਸੱਚ ਤਾਂ ਛੁਪਦਾ ਨਹੀਂ ਅਤੇ ਸਾਹਮਣੇ ਆਉਣਾ ਹੀ ਹੁੰਦਾ ਹੈ। ਚੰਨੀ ਨੇ ਇਹ ਵੀ ਕਿਹਾ ਕਿ ਉਹ ਤਾਂ ਮਲੰਗ ਵਿਅਕਤੀ ਹਨ ਤੇ ਕਿਸੇ ਧਮਕੀ ਜਾਂ ਨੁਕਸਾਨ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ। ਉਨ੍ਹਾਂ ਦਸਿਆ ਕਿ ਧਮਕੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਅੰਦਰੋਂ ਅਤੇ ਬਾਹਰੋਂ ਵੀ ਸਮਰਥਨ ਦੇ ਬਹੁਤ ਫ਼ੋਨ ਆਏ ਹਨ ਅਤੇ 'ਆਪ' ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਫ਼ੋਨ ਕੀਤਾ। ਉਹ ਹਰ ਤਰਫ਼ੋਂ ਮਿਲੇ ਪਿਆਰ ਸਤਿਕਾਰ ਲਈ ਸੱਭ ਦੇ ਧਨਵਾਦੀ ਵੀ ਹਨ।