
ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਇਕ ਖੇਡ ਪ੍ਰਮੋਟਰ ਨੌਜਵਾਨ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਨਾਲ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਸਨ ਨੂੰ ਭਾਜੜਾਂ ਪੈ ਗਈਆਂ
ਕੋਟਕਪੂਰਾ, 14 ਮਈ (ਗੁਰਿੰਦਰ ਸਿੰਘ): ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਇਕ ਖੇਡ ਪ੍ਰਮੋਟਰ ਨੌਜਵਾਨ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਨਾਲ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਸਨ ਨੂੰ ਭਾਜੜਾਂ ਪੈ ਗਈਆਂ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸ ਦੀ ਮੌਤ ਸ਼ੱਕੀ ਹਾਲਤ 'ਚ ਹੋਣ ਕਾਰਨ ਇਸ ਦਾ ਕੋਰੋਨਾ ਬਿਮਾਰੀ ਦਾ ਟੈਸਟ ਹੋਣਾ ਚਾਹੀਦਾ ਹੈ। ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਦੀ ਅਗਵਾਈ ਵਾਲੀਆਂ ਟੀਮਾਂ ਨੇ ਪਿੰਡ ਵਾਸੀਆਂ ਦੇ ਕਹਿਣ 'ਤੇ ਡਾ. ਅਵਤਾਰ ਸਿੰਘ ਗੋਂਦਾਰਾ ਐਸ.ਐਮ.ਓ. ਬਾਜਾਖਾਨਾ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ, ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸ਼ੱਕ ਕੱਢਣ ਲਈ ਸੈਂਪਲ ਲੈ ਕੇ ਜਾਂਚ ਵਾਸਤੇ ਲੈਬੋਰਟਰੀ ਨੂੰ ਭੇਜ ਦਿਤੇ ਅਤੇ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਉਸ ਦਾ ਅੰਤਮ ਸਸਕਾਰ ਵੀ ਕਰ ਦਿਤਾ ਗਿਆ।
File photo
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਜ 32 ਸਾਲਾ ਨੌਜਵਾਨ ਬਲਦੇਵ ਸਿੰਘ ਖੋਸਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਪਿੰਡ ਲੰਡੇ (ਮੋਗਾ) ਖੇਡ ਪ੍ਰਮੋਟਰ ਹੋਣ ਕਾਰਨ ਅਕਸਰ ਪੰਜਾਬ ਭਰ 'ਚ ਹੋਣ ਵਾਲੇ ਖੇਡ ਮੇਲਿਆਂ 'ਚ ਸ਼ਮੂਲੀਅਤ ਕਰਨ ਦਾ ਸ਼ੌਂਕ ਰੱਖਦਾ ਸੀ। ਪਿਛਲੇ ਦਿਨੀਂ ਉਸ ਦੀ ਅਚਾਨਕ ਡਿੱਗਣ ਕਾਰਨ ਛਾਤੀਆਂ ਦੀਆਂ ਪਸਲੀਆਂ 'ਤੇ ਸੱਟ ਲੱਗ ਗਈ, ਉਸ ਨੇ ਇਕ ਹੱਡੀਆਂ ਅਤੇ ਜੋੜਾਂ ਦੇ ਮਾਹਰ ਤੋਂ ਇਲਾਜ ਕਰਵਾਇਆ ਅਤੇ ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਅਪਣੀ ਭੈਣ ਦੇ ਘਰ ਚਲਾ ਗਿਆ। ਉੱਥੇ ਖੰਘ-ਜ਼ੁਖ਼ਾਮ ਦੀ ਸ਼ਿਕਾਇਤ ਹੋਣ ਕਾਰਨ ਵਾਪਸ ਅਪਣੇ ਪਿੰਡ ਲੰਡੇ ਪਹੁੰਚ ਗਿਆ
ਪਰ ਅੱਜ ਜਦ ਉਹ ਮੋਟਰਸਾਈਕਲ 'ਤੇ ਦੁਬਾਰਾ ਫਿਰ ਅਪਣੀ ਭੈਣ ਨੂੰ ਮਿਲਣ ਲਈ ਪਿੰਡ ਢਿੱਲਵਾਂ ਕਲਾਂ ਵਿਖੇ ਆਇਆ ਤਾਂ ਉਸ ਦੀ ਅਚਾਨਕ ਮੌਤ ਹੋ ਗਈ। ਬਲਕਾਰ ਸਿੰਘ ਸੰਧੂ ਡੀ.ਐਸ.ਪੀ. ਅਤੇ ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਨੇ ਦਸਿਆ ਕਿ ਸੈਂਪਲਾਂ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ। ਉਂਝ ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਸਿਹਤ ਵਿਭਾਗ ਦੀ ਪੀ.ਪੀ.ਈ. ਕਿੱਟਾਂ ਨਾਲ ਲੈੱਸ ਟੀਮ ਵਲੋਂ ਹੀ ਉਸ ਦਾ ਢਿੱਲਵਾਂ ਕਲਾਂ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ।
ਪਹਿਲਾਂ ਸੈਂਪਲ ਲਏ ਅਤੇ ਫਿਰ ਮ੍ਰਿਤਕ ਦੀ ਭੈਣ ਦੇ ਪਿੰਡ 'ਚ ਹੀ ਕੀਤਾ ਅੰਤਮ ਸਸਕਾਰ