
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਗੰਨੇ ਦੇ ਮੁੱਲ ’ਤੇ ਕੈਪਟਨ ਸਰਕਾਰ ਨੂੰ ਅੰਦੋਲਨ ਦੀ ਦਿਤੀ ਚੇਤਾਵਨੀ
ਚੰਡੀਗੜ੍ਹ, 15 ਮਈ (ਭੁੱਲਰ) : ਅੱਜ ਇੱਥੇ ਪੰਜਾਬ ਦੀਆਂ ਬੱਤੀ (32) ਜਥੇਬੰਦੀਆਂ ਦੀ ਮੀਟਿੰਗ ਸ. ਜੰਗਵੀਰ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਗੰਨੇ ਦੇ ਭਾਅ (ਰੇਟ) ਵਿੱਚ ਕੋਈ ਵਾਧਾ ਨਹੀਂ ਕੀਤਾ। ਪੰਜਾਬ ਸਰਕਾਰ ਦੇ ਖੰਡ ਮਿੱਲਾਂ ਪ੍ਰਤੀ ਹੇਜ ਪਿਆਰ ਦੀ ਸਖਤ ਨਿੰਦਾ ਕੀਤੀ ਗਈ।
ਸਰਕਾਰ ਦੀ ਨਿੰਦਾ ਦੇ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿੱਚ ਗੰਨੇ ਦਾ ਭਾਅ 358 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਜਦ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਤੋਂ 310 ਰੁਪਏ ਉੱਤੇ ਹੀ ਖੜ੍ਹਾ ਹੈ। ਮਤੇ ਵਿੱਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਤੁਰੰਤ ਗੰਨੇ ਦੇ ਭਾਅ (ਰੇਟ) ਵਿੱਚ ਵਾਧਾ ਕਰਕੇ ਇਸ ਦਾ ਭਾਅ (ਰੇਟ) ਹਰਿਆਣੇ ਦੇ ਬਰਾਬਰ ਕਰਕੇ ਅਤੇ ਸਾਲ 2020-21 ਵਿੱਚ ਵੇਚੇ ਗਏ ਗੰਨੇ ਦਾ ਭਾਅ (ਰੇਟ) ਮਿੱਥ ਕੇ ਕਿਸਾਨਾਂ ਨੂੰ ਗੰਨੇ ਦੀ ਕੀਮਤ ਦੀ ਅਦਾਇਗੀ ਤੁਰੰਤ ਕਰਵਾਈ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਹੁਣ ਤੱਕ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨੇ ਦੇ ਪਿਛਲੇ ਬਕਾਏ ਦਾ 350 ਕਰੋੜ ਅਤੇ ਪ੍ਰਾਈਵੇਟ ਮਿੱਲਾਂ ਵੱਲ ਬਕਾਇਆ ਰਹਿੰਦੇ 250 ਕਰੋੜ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਗੰਨੇ ਦਾ ਭਾਅ (ਰੇਟ) ਹਰਿਆਣੇ ਦੇ ਬਰਾਬਰ ਨਹੀਂ ਕਰਦੀ ਅਤੇ ਖੰਡ ਮਿੱਲਾਂ ਵੱਲ ਰਹਿੰਦੇ 600 ਕਰੋੜ ਦੇ ਬਕਾਏ ਦੀ ਅਦਾਇਗੀ ਨਹੀਂ ਕਰਦੀ ਤਾਂ ਪੰਜਾਬ ਵਿੱਚ ਵੀ ਸਰਕਾਰ ਵਿਰੁੱਧ ਇਹਨਾਂ ਮੰਗਾਂ ਦੀ ਪੂਰਤੀ ਲਈ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇੱਕ ਫੈਸਲੇ ਵਿੱਚ ਕੇਂਦਰ ਸਰਕਾਰ ਵੱਲੋਂ ਖਾਦਾਂ ਦੇ ਰੇਟ ਵਿੱਚ ਕੀਤੇ ਭਾਰੀ ਵਾਧੇ, ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਨਿੰਦਾ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਕੁਲਦੀਪ ਸਿੰਘ ਬਜੀਦਪੁਰ, ਬਲਵੰਤ ਸਿੰਘ ਬਹਿਰਾਮਕੇ, ਮੁਕੇਸ਼ ਚੰਦਰ, ਸਤਨਾਮ ਸਿੰਘ ਅਜਨਾਲਾ, ਹਰਜਿੰਦਰ ਸਿੰਘ ਟਾਂਡਾ ਆਦਿ ਹਾਜਰ ਸਨ।