
ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਬਣੇ ਯੂ.ਏ.ਈ ਦੇ ਨਵੇਂ ਰਾਸ਼ਟਰਪਤੀ
ਦੁਬਈ, 14 ਮਈ : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ ਤੋਂ ਇਕ ਦਿਨ ਬਾਅਦ ਅੱਜ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣਿਆ ਗਿਆ ਹੈ। ਨਿਊਜ਼ ਏਜੰਸੀ ਏਐਫ਼ਪੀ ਨੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਹੈ। ਫ਼ੈਡਰਲ ਸੁਪਰੀਮ ਕੌਂਸਲ ਨੇ ਇਹ ਨਿਯੁਕਤੀ ਕੀਤੀ ਹੈ। ਇਸ ਤੋਂ ਪਹਿਲਾਂ ਸ਼ੇਖ ਮੁਹੰਮਦ ਨੇ ਫ਼ੈਡਰਲ ਸੁਪਰੀਮ ਕੌਂਸਲ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਸ਼ੇਖ ਮੁਹੰਮਦ ਸੰਯੁਕਤ ਅਰਬ ਅਮੀਰਾਤ ਦੇ ਸੰਸਥਾਪਕ ਰਾਸ਼ਟਰਪਤੀ ਸ਼ੇਖ ਜਾਏਦ ਬਿਨ ਸੁਲਤਾਨ ਅਲ ਨਾਹਯਾਨ ਦੇ ਤੀਜੇ ਪੁੱਤਰ ਅਤੇ ਸ਼ੇਖ ਖ਼ਲੀਫ਼ਾ ਦੇ ਮਤਰੇਏ ਭਰਾ ਹਨ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਹੀ ਦੇਸ਼ ਦੀ ਵਾਗਡੋਰ ਸੌਂਪ ਦਿਤੀ ਜਾਵੇਗੀ।