
ਬੱਚਿਆਂ ਨੂੰ ਲੱਗੀਆਂ ਸੱਟਾਂ, ਡਰਾਈਵਰ ਦੀ ਹਾਲਤ ਨਾਜ਼ੁਕ
ਜਗਰਾਓਂ : ਜਗਰਾਓਂ ਵਿਚ ਵੱਡਾ ਹਾਦਸਾ ਵਾਪਰ ਗਿਆ। ਇਥੇ ਪੀਆਰਟੀਸੀ ਬੱਸ ਤੇ ਸਕੂਲ ਬੱਸ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਸਕੂਲ ਵੈਨ ਦਾ ਡਰਾਈਵਰ ਅਤੇ ਬੱਚੇ ਗੰਭੀਰ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਸਕੂਲ ਵੈਨ ਛੁੱਟੀ ਹੋਣ ਤੋਂ ਮਗਰੋਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ। ਸ਼ੇਰਪੁਰਾ ਚੌਂਕ ਦੇ ਲਾਗੇ ਸੜਕ ਬਣਨ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ ਇਕ ਤਰਫਾ ਚਲਾਇਆ ਜਾ ਰਿਹਾ ਸੀ, ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀ. ਆਰ. ਟੀ. ਸੀ. ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਸਕੂਲ ਬੱਸ ਚ ਸਵਾਰ ਬੱਚਿਆਂ ਤੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗ ਗਈਆਂ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੀ ਖ਼ਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਇਲਾਕੇ ਅੰਦਰ ਕੋਹਰਾਮ ਮਚ ਗਿਆ ਅਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਖ਼ਬਰ ਲਿਖੇ ਜਾਣ ਤੱਕ ਡਾਕਟਰਾਂ ਵੱਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਸੀ। ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਵੀ ਹਸਪਤਾਲ ਪਹੁੰਚ ਕੇ ਬੱਚਿਆਂ ਦਾ ਹਾਲ ਜਾਣਿਆ।