'ਜਲੰਧਰ ਜ਼ਿਮਨੀ ਚੋਣ 'ਚ ਲੋਕਾਂ ਨੇ ਸਰਕਾਰ ਦੇ ਕੰਮ ਵੇਖ ਕੇ ਵੋਟ ਪਾਈ'
ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ 'ਚ 'ਆਪ' ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਨੇ ਪਸੰਦ ਕੀਤਾ ਪਰ ਜਦੋਂ ਜਿੱਤ ਹਾਸਲ ਹੋ ਗਈ ਉਸ ਤੋਂ ਦੋ ਦਿਨ ਬਾਅਦ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਕਰ ਦਿਤਾ। ਜਿਸ ਨਾਲ ਲੋਕ ਕਾਫ਼ੀ ਨਾਰਾਜ਼ ਹਨ। ਇਸ ਬਾਰੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨਾਲ ਗੱਲਬਾਤ ਕੀਤੀ ਗਈ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੇ ਜਲੰਧਰ ਜ਼ਿਮਨੀ ਚੋਣ 'ਚ ਇਕੱਲੇ 600 ਯੂਨਿਟ ਨੂੰ ਵੇਖ ਕੇ ਵੋਟ ਨਹੀਂ ਪਾਈ ਸਗੋਂ ਲੋਕਾਂ ਨੇ 'ਆਪ' ਸਰਕਾਰ ਦੇ ਇਕ ਸਾਲ ਦੇ ਅੰਦਰ ਕੀਤੇ ਕੰਮਾਂ ਨੂੰ ਵੇਖ ਕੇ ਵੋਟਾਂ ਪਾਈਆਂ ਹਨ। ਬਿਜਲੀ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਰ ਦਿਤਾ ਹੈ ਕਿ ਜੋ ਵਾਧਾ ਹੋਇਆ ਹੈ ਇਸ ਨਾਲ 600 ਯੂਨਿਟਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਇਸ ਦਾ ਲਾਭ ਲੋਕਾਂ ਨੂੰ ਮਿਲਦਾ ਰਹੇਗਾ। ਜਲੰਧਰ ਜ਼ਿਮਨੀ ਚੋਣ 'ਚ ਲੋਕਾਂ ਨੇ ਸਰਕਾਰ ਦੇ ਕੰਮ ਵੇਖੇ। ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਜਾ ਕੇ ਗਰਾਊਂਡ ਜ਼ੀਰੋ ਤੋਂ ਕੰਮ ਕਰ ਰਹੇ ਹਨ। ਇਸੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਫ਼ਤਵਾ ਦਿਤਾ। ਸਾਡੀ ਸਰਕਾਰ ਨੇ ਪਾਰਦਰਸ਼ੀ ਕੰਮ ਕੀਤਾ। ਕਿਸਾਨਾਂ ਨੂੰ ਮੁਆਵਜ਼ੇ ਦਿਤੇ ਗਏ, ਆਉਂਦਿਆਂ ਹੀ 600 ਯੂਨਿਟ ਮੁਆਫ਼ ਕੀਤੀ। ਅਸੀਂ ਇਹ ਲੋਕਾਂ ਨੂੰ ਤੋਹਫ਼ੇ ਨਹੀਂ ਸਗੋਂ ਉਹਨਾਂ ਦੇ ਹੱਕ ਦਿਤੇ। ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਜੇ ਸਾਨੂੰ ਕਿਸੇ ਹਲਕੇ ਤੋਂ ਸਾਥ ਨਹੀਂ ਮਿਲਿਆ ਤਾਂ ਉਥੇ ਲੋਕਾਂ ਨੂੰ ਕਿਸੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਬਾਕੀ ਹਲਕਿਆਂ 'ਚ ਲੋਕਾਂ ਨੇ ਸਾਡੇ ਕੰਮਾਂ ਨੂੰ ਵੇਖ ਕੋ ਵੋਟਾਂ ਪਾਈਆਂ।
ਉਹਨਾਂ ਅੱਗੇ ਕਿਹਾ ਕਿ ਹੁਣ ਜ਼ਿਲ੍ਹਿਆਂ 'ਚ ਕੈਬਨਿਟ ਮੀਟਿੰਗ ਹੋ ਰਹੀਆਂ ਹਨ ਇਸ ਨਾਲ ਜੋ ਜ਼ਿਲ੍ਹੇ 'ਚ ਸਮੱਸਿਆ ਹੋਵੇਗੀ ਉਹ ਮੁੱਖ ਮੰਤਰੀ ਦੇ ਸਾਹਮਣੇ ਆਵੇਗੀ ਤੇ ਉਸ ਦਾ ਨਿਪਟਾਰਾ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਬ੍ਰਹਮ ਸ਼ੰਕਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਇਕ ਮੰਦਭਾਗੀ ਘਟਨਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਸ਼ਾਮਲ 30 ਗੈਂਗਸਟਰ ਫੜ੍ਹੇ ਗਏ, 2 ਦਾ ਐਂਨਕਾਊਂਟਰ ਕੀਤਾ ਗਿਆ, ਬਾਹਰ ਬੈਠੇ ਗੈਂਗਸਟਰਾਂ ਨੂੰ ਸਰਕਾਰ ਫੜਨ ਦੀ ਤਿਆਰੀ 'ਚ ਹੈ।
ਪਰਿਵਾਰ ਨੂੰ ਇਨਸਾਫ਼ ਦਿਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿੰਨ ਮਹੀਨਿਆਂ ਚ 121 ਐਲਾਨ ਕੀਤੇ ਸਨ, ਉਨ੍ਹਾਂ ਚੋਂ ਪੂਰੇ ਕਿਹੜੇ -ਕਿਹੜੇ ਹੋਏ? ਸਾਡੀ ਸਰਕਾਰੀ ਨੇ ਆਉਂਦਿਆਂ ਹੀ ਨੌਜਵਾਨਾਂ ਨੂੰ 30 ਹਜ਼ਾਰ ਤੋਂ ਵੱਧ ਨੌਕਰੀਆਂ ਦਿਤੀਆਂ। ਐਲਾਨ ਕਰਨ ਨਾਲ ਕੁਝ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਪੂਰਾ ਕਰਨਾ ਹੁੰਦਾ। ਰਜਿਸਟਰੀਆਂ 'ਚ ਢਾਈ ਪ੍ਰਤੀਸ਼ਤ ਦੀ ਛੋਟ ਦੀ ਮਿਆਦ ਅੱਜ ਖ਼ਤਮ ਹੋ ਗਈ, ਇਸ ਬਾਰੇ ਵਿਭਾਗ ਨਾਲ ਗੱਲਬਾਤ ਕੀਤੀ ਜਾਵੇਗੀ ਫਿਰ ਇਸ ਬਾਰੇ ਅੱਗੇ ਫ਼ੈਸਲਾ ਲਿਆ ਜਾਵੇਗਾ।