ਸਰੋਵਰ ਕੋਲ ਬੈਠ ਕੇ ਕਰ ਰਹੀ ਸੀ ਸ਼ਰਾਬ ਦਾ ਸੇਵਨ
ਪਟਿਆਲਾ : ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿਚ ਇਕ ਔਰਤ ਦੀ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਬਰਾਮਦ ਕਰ ਲਿਆ ਹੈ।
ਉਧਰ ਪਟਿਆਲਾ ਪੁਲਿਸ ਦੇ ਐਸਐਸਪੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਕੇ ਦਸਿਆ ਹੈ ਕਿ ਇਹ ਔਰਤ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ। ਜਦੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ ਤਾਂ ਉਹ ਸੰਗਤ ਨਾਲ ਉਲਝ ਗਈ।
ਉਹ ਸ਼ਰਾਬ ਦੀ ਆਦੀ ਤੇ ਡਿਪਰੈਸ਼ਨ ਦਾ ਸ਼ਿਕਾਰ ਸੀ। ਜਦੋਂ ਸੰਗਤ ਉਸ ਔਰਤ ਨੂੰ ਮੈਨੇਜਰ ਕੋਲ ਲੈ ਕੇ ਗਈ ਤਾਂ ਉਥੇ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਵਿਅਕਤੀ ਨੇ ਔਰਤ ਉਤੇ ਗੋਲੀਆਂ ਚਲਾ ਦਿਤੀਆਂ, ਉਸ ਨੇ ਪੰਜ ਗੋਲੀਆਂ ਚਲਾਈਆਂ ਤੇ 3 ਇਸ ਔਰਤ ਨੂੰ ਲਗੀਆਂ। ਅਜੇ ਤੱਕ ਔਰਤ ਦਾ ਪਰਿਵਾਰ ਸਾਹਮਣੇ ਨਹੀਂ ਆਇਆ ਹੈ।
ਗੋਲੀਆਂ ਚਲਾਉਣ ਵਾਲਾ ਨੌਜਵਾਨ ਧਾਰਮਿਕ ਪ੍ਰਵਿਰਤੀ ਵਾਲਾ ਇਨਸਾਨ ਹੈ, ਇਸ ਲਈ ਉਸ ਨੇ ਗੁੱਸੇ ਵਿਚ ਆ ਕੇ ਗੋਲੀਆਂ ਚਲਾ ਦਿਤੀਆਂ।
ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ (33) ਵਜੋਂ ਹੋਈ ਹੈ ਜਿਸ ਨੇ ਨਸ਼ਾ ਕੀਤਾ ਹੋਇਆ ਸੀ।
ਚਸ਼ਮਦੀਦਾਂ ਦੀ ਸ਼ਿਕਾਇਤ ’ਤੇ ਔਰਤ ਨੂੰ ਮੈਨੇਜਰ ਦੇ ਕਮਰੇ ਵਿਚ ਲਿਆਂਦਾ ਗਿਆ। ਇਸੇ ਦੌਰਾਨ ਭੀੜ ਵਿਚੋਂ ਨੌਜਵਾਨ ਨੇ ਔਰਤ ਨੂੰ ਗੋਲੀਆਂ ਮਾਰ ਦਿਤੀਆਂ।
ਇਸੇ ਦੌਰਾਨ ਸਰੋਵਰ ਨੇੜੇ ਸ਼ਰਾਬ ਪੀਣ ’ਤੇ ਇਤਰਾਜ਼ ਜਤਾਉਣ ਵਾਲਾ ਸੇਵਾਦਾਰ ਵੀ ਜ਼ਖ਼ਮੀ ਹੋ ਗਿਆ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਅਰਬਨ ਐਸਟੇਟ ਦਾ ਵਸਨੀਕ ਹੈ।
                    
                