
ਕਿਸਾਨਾਂ ਨੂੰ ਮਨਜ਼ੂਰਸ਼ੁਦਾ ਅਤੇ ਮਿਆਰੀ ਕੀਟਨਾਸ਼ਕ ਉਪਲਬੱਧ ਕਰਵਾਉਣ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ........
ਚੰਡੀਗੜ੍ਹ: ਕਿਸਾਨਾਂ ਨੂੰ ਮਨਜ਼ੂਰਸ਼ੁਦਾ ਅਤੇ ਮਿਆਰੀ ਕੀਟਨਾਸ਼ਕ ਉਪਲਬੱਧ ਕਰਵਾਉਣ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਦੇ ਸੁਖਦੇਵ ਸਿੰਘ ਸਿੱਧੂ, ਜੁਆਇੰਟ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਪੰਜਾਬ ਵਲੋਂ ਮਿਤੀ 08-06-2018 ਨੂੰ ਜ਼ਿਲ੍ਹਾ ਪਟਿਆਲਾ ਦੇ ਨਾਭਾ ਵਿਖੇ ਮੈਸ. ਗੁਪਤਾ ਐਗਰੋ ਸਰਵਿਸ ਸੈਂਟਰ, ਨਾਭਾ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਉੁਨ੍ਹਾਂ ਦੇ ਨਾਲ-ਨਾਲ ਗੁਰਮੀਤ ਸਿੰਘ, ਖੇਤੀਬਾੜੀ ਅਫ਼ਸਰ ਨਾਭਾ ਅਤੇ ਜੁਪਿੰਦਰ ਸਿੰਘ ਗਿੱਲ ਇਨਸੈਕਟੀਸਾਈਡ ਇੰਸਪੈਕਟਰ ਨਾਭਾ ਵੀ ਹਾਜ਼ਰ ਸਨ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਦੁਕਾਨਦਾਰ ਵਲੋਂ ਕੁੱਝ ਬਾਇਉ ਲੀਕੁਇਡ ਐਕਸਟਾਰਟ ਪੈਸਟ ਕੰਟਰੋਲਰ ਦੇ ਨਾਮ ਤੇ ਬਾਇਓ-ਪ੍ਰੋਡਕਟਸ ਦੁਕਾਨ ਵਿਚ ਮੌਜੂਦ ਸਨ। ਸ਼ੱਕ ਪੈਣ ਤੇ ਇਨ੍ਹਾਂ ਪ੍ਰੋਡਕਟਸ ਨੂੰ ਵੇਖਿਆ ਗਿਆ ਕਿ ਇਹ ਤਿੰਨ ਕੰਪਨੀਆਂ ਵਲੋਂ ਬਣਾਏ ਸਨ। ਇਹ ਸਟਾਕ ਲਗਭਗ 12-13 ਲੱਖ ਰੁਪਏ ਦਾ ਹੈ। ਸ਼ੱਕ ਪੈਣ ਤੇ ਇਨ੍ਹਾਂ ਤਿੰਨ ਕੰਪਨੀਆਂ ਦੇ ਇਨ੍ਹਾਂ ਪ੍ਰੋਡੈਕਟਸ ਦੇ ਕੀੜੇਮਾਰ ਦਵਾਈਆਂ ਦੇ ਤੌਰ 'ਤੇ ਸੈਂਪਲ ਭਰੇ ਗਏ। ਸ਼ੱਕ ਜ਼ਾਹਰ ਕੀਤਾ ਗਿਆ ਕਿ ਇਨ੍ਹਾਂ ਬਾਇਓ ਪ੍ਰੋਡੈਕਟਸ ਵਿਚ ਕੈਮੀਕਲ ਕੀੜੇਮਾਰ ਦਵਾਈਆਂ ਹੋ ਸਕਦੀਆਂ ਹਨ।
ਇਸ ਦੇ ਮੱਦੇਨਜ਼ਰ ਇਹ ਤਿੰਨੋ ਸੈਂਪਲ ਇਨ੍ਹਾਂ ਉਪਰੋਕਤ ਛੇ ਕੈਮੀਕਲ ਦੇ ਟੈਸਟ ਕਰਨ ਲਈ ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਅਤੇ ਟੈਸਟ ਰਿਪੋਰਟਾਂ ਅਨੁਸਾਰ ਇਨ੍ਹਾਂ ਬਾਇਓ ਪ੍ਰੋਡੈਕਟਸ ਵਿੱਚ ਕੈਮੀਕਲ ਜ਼ਹਿਰ ਪਾਈ ਗਈ ਹੈ ਜੋ ਅਸਲ ਕੋਰਾਜਨ 18.5% ਤੋਂ ਕਾਫ਼ੀ ਘੱਟ ਮਾਤਰਾ ਵਿਚ ਹੈ। ਟੈਸਟ ਦੌਰਾਨ ਇੰਨਸੈਕਟੀਸਾਈਡ ਪਾਏ ਜਾਣ ਕਾਰਨ ਉੁਨ੍ਹਾਂ ਵਲੋਂ ਇੰਨਸੈਕਟੀਸਾਈਡ ਐਕਟ 1968 ਅਤੇ ਇੰਨਸੈਕਟੀਸਾਈਡ ਰੂਲਜ਼ 1971 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕੀਤੀ ਗਈ ਹੈ।
ਫ਼ਰਮ ਵਲੋਂ ਇਹ ਕੀੜੇਮਾਰ ਦਵਾਈ ਨੂੰ ਬਨਾਉਣ/ਵੇਚਣ ਆਦਿ ਲਈ ਨਾ ਤਾਂ ਕੋਈ ਪ੍ਰਵਾਨਗੀ ਲਈ ਹੈ ਅਤੇ ਨਾ ਹੀ ਕੰਪਨੀ ਵਲੋਂ ਹੋਈ ਪ੍ਰਚੇਜ਼ ਬਿਲ ਲਿਆ ਗਿਆ ਹੈ। ਵਿਭਾਗ ਵਲੋਂ ਸੈਂਪਲ ਲੈਣ ਉਪਰੰਤ ਉਪਰੋਕਤ ਪ੍ਰੋਡੈਕਟਸ ਦੀ ਸੇਲ ਬੰਦ ਕਰ ਦਿੱਤੀ ਗਈ ਹੈ ਅਤੇ ਫ਼ਰਮ ਵਿਰੁੱਧ ਬਣਦੀ ਕਾਰਵਾਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਵਿਭਾਗ ਵਲੋਂ ਡੀਲਰ ਦੇ ਵਿਰੁੱਧ ਪੁਲਿਸ ਥਾਣਾ ਨਾਭਾ ਵਿਖੇ ਕੇਸ ਦਰਜ ਕਰਵਾ ਦਿਤਾ ਹੈ।