
ਪੰਜਾਬ 'ਚ ਕੋਰੋਨਾ ਮਹਾਂਮਾਰੀ ਖ਼ਤਰੇ ਦੇ ਚਲਦਿਆਂ, 16 ਜੂਨ ਨੂੰ ਨਰਿੰਦਰ ਮੋਦੀ ਨਾਲ ਮੀਟਿੰਗ ਬਾਅਦ ਸੱਦੀ ਪੰਜਾਬ ਮੰਤਰੀ ਮੰਡਲ ਦੀ ਬੈਠਕ
ਚੰਡੀਗੜ੍ਹ, 14 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਅਤੇ ਪਿਛਲੇ ਦਿਨਾਂ ਵਿਚ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਚੁੱਕੇ ਜਾਣ ਵਾਲੇ ਸਖ਼ਤ ਕਦਮਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਫ਼ੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਭਾਵੇਂ ਹਾਲੇ ਸੂਬੇ ਵਿਚ 30 ਜੂਨ ਤਕ ਤਾਲਾਬੰਦੀ ਦੀਆਂ ਪਾਬੰਦੀਆਂ ਲਾਗੂ ਹਨ ਅਤੇ ਹਫ਼ਤੇ ਦੇ ਆਖ਼ਰੀ ਦਿਨਾਂ ਸਨਿਚਰਵਾਰ ਅਤੇ ਐਤਵਾਰ ਨੂੰ ਇਹ ਪਾਬੰਦੀਆਂ ਮੁਕੰਮਲ ਤਾਲਾਬੰਦੀ ਦੇ ਹੁਕਮਾਂ ਤਹਿਤ ਹੋਰ ਵਧਾ ਦਿਤੀਆਂ ਗਈਆਂ ਹਨ
ਪਰ ਜੁਲਾਈ ਅਤੇ ਅਗੱਸਤ ਮਹੀਨੇ ਦੌਰਾਨ ਕੋਰੋਨਾ ਦੇ ਸਿਖ਼ਰ 'ਤੇ ਹੋਣ ਦੇ ਮਾਹਰਾਂ ਵਲੋਂ ਲਗਾਏ ਅਨੁਮਾਨ ਕਾਰਨ 30 ਜੂਨ ਤੋਂ ਬਾਅਦ ਪੰਜਾਬ ਵਿਚ ਕੇਸ ਵਧਣ 'ਤੇ ਹੋਰ ਵੀ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਮੁੱਖ ਮੰਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਮਾਮਲਾ ਵਿਗੜਦਾ ਹੈ ਤਾਂ ਉਹ ਕਿਸੇ ਵੀ ਹਦ ਤਕ ਜਾ ਸਕਦੇ ਹਨ ਅਤੇ ਕੋਰੋਨਾ ਨੂੰ ਕਾਬੂ ਤੋਂ ਬਾਹਰ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਹਫ਼ਤੇ ਵਿਚ ਦੋ ਦਿਨ ਦੀ ਸਖ਼ਤੀ ਬਾਅਦ ਵੀ ਲੋਕਾਂ 'ਤੇ ਨਜ਼ਰ ਹੈ ਕਿ ਉਹ ਕਿੰਨੀ ਕੁ ਸਾਵਧਾਨਂ ਦੇ ਨਿਯਮਾਂ ਦਾ ਪਾਲਣ ਕਰਦੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਿਚ ਵਧ ਰਹੇ ਕੋਰੋਨਾ ਕੇਸਾਂ ਕਾਰਨ 6ਵੀਂ ਵਾਰ 16 ਅਤੇ 17 ਜੂਨ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸਾਸ਼ਤ ਸੂਬਿਆਂ ਦੇ ਪ੍ਰਸਾਸ਼ਕਾਂ ਨਾਲ 6ਵੀਂ ਵਾਰ ਮੀਟਿੰਗ ਕਰ ਕੇ ਸਿੱਧੀ ਗੱਲਬਾਤ ਕਰਨਗੇ। ਦੇਸ਼ ਵਿਚ ਅੱਗੇ ਲਾਕਡਾਊਨ ਦੀਆਂ ਪਾਬੰਦੀਆਂ ਸਖ਼ਤ ਹੋਣ ਦੀ ਸੂਰਤ ਵਿਚ ਪੰਜਾਬ 'ਚ ਵੀ ਇਹ ਨੀਤੀ ਅਪਣਾਉਣੀ ਪਵੇਗੀ। ਇਸੇ ਕਰ ਕੇ ਮੁੱਖ ਮੰਤਰੀ ਨੇ ਅਗਲੀ ਰਣਨੀਤੀ ਲਈ ਪੰਜਾਬ ਮੰਤਰੀ ਮੰਡਲ ਦੀ ਸੱਦੀ ਬੈਠਕ ਮੁਲਤਵੀ ਕਰ ਕੇ 8 ਜੂਨ ਨੂੰ ਕਰ ਦਿਤੀ ਹੈ। ਪ੍ਰਧਾਨ ਮੰਤਰੀ ਨਾਲ 16 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਣਗੇ। ਇਸ ਮੀਟਿੰਗ ਦੇ ਹਿਸਾਬ ਨਾਲ 18 ਜੂਨ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਗਲੀ ਰਣਨੀਤੀ 'ਤੇ ਚਰਚਾ ਹੋਵੇਗੀ।