
ਨੌਜਵਾਨਾਂ ਨੇ ਬਜ਼ੁਰਗ ’ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਅਤੇ ਕੀਤੀ ਕੁੱਟਮਾਰ
ਜੈ ਸ਼੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਹਰੇ ਵੀ ਲਗਵਾਏ ਤੇ ਪਾਕਿਸਤਾਨੀ ਜਸੂਸ ਵੀ ਕਿਹਾ
ਗਾਜ਼ੀਆਬਾਦ, 14 ਜੂਨ : ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਵਿਚ ਨੌਜਵਾਨਾਂ ਨੇ ਇਕ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਉ ਕਾਫੀ ਵਾਇਰਲ ਹੋ ਰਿਹਾ ਹੈ। ਪੀੜਤ ਬਜ਼ੁਰਗ ਦਾ ਨਾਮ ਅਬਦੁਲ ਸਮਦ ਹੈ। ਨੌਜਵਾਨਾਂ ਨੇ ਨਾ ਸਿਰਫ ਬਜ਼ੁਰਗ ਦੀ ਕੁੱਟਮਾਰ ਕੀਤੀ ਬਲਕਿ ਉਨ੍ਹਾਂ ਦੀ ਦਾੜ੍ਹੀ ਵੀ ਜਬਰੀ ਕੱਟ ਦਿਤੀ। ਇਸ ਦੌਰਾਨ ਬਜ਼ੁਰਗ ਹੱਥ ਜੋੜ ਕੇ ਉਨ੍ਹਾਂ ਦੀਆਂ ਮਿਨਤਾਂ ਕਰ ਰਿਹਾ ਸੀ ਪਰ ਨੌਜਵਾਨਾਂ ਨੇ ਇਕ ਨਾ ਸੁਣੀ।
ਨੌਜਵਾਨਾਂ ਨੇ ਇਸ ਘਟਨਾ ਦਾ ਵੀਡੀਉ ਵੀ ਬਣਾਇਆ ਅਤੇ ਉਸ ਨੂੰ ਵਾਇਰਲ ਕਰ ਦਿਤਾ। ਵੀਡੀਉ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੀੜਤ ਬਜ਼ੁਰਗ ਨੂੰ ਨੌਜਵਾਨਾਂ ਨੇ ਘੇਰਿਆ ਹੋਇਆ ਹੈ ਤੇ ਉਨ੍ਹਾਂ ਦੇ ਹੱਥ ਵਿਚ ਕੈਂਚੀ ਹੈ। ਇਸ ਦੌਰਾਨ ਇਕ ਨੌਜਵਾਨ ਬਜ਼ੁਰਗ ਦੇ ਮੂੰਹ ਉਤੇ ਥੱਪੜ ਮਾਰ ਰਿਹਾ ਹੈ।
ਪੀੜਤ ਮੁਤਾਬਕ ਨੌਜਵਾਨਾਂ ਨੇ ਉਸ ਕੋਲੋਂ ਜੈ ਸ਼੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਹਰੇ ਵੀ ਲਗਵਾਏ ਅਤੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਜਾਸੂਸ ਹੋ। ਅਬਦੁਲ ਮੁਤਾਬਕ ਆਰੋਪੀ ਉਸ ਨੂੰ ਇਹ ਕਹਿ ਕੇ ਧਮਕਾ ਰਹੇ ਸੀ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਮੁਸਲਮਾਨਾਂ ਨੂੰ ਮਾਰਿਆ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਲੋਨੀ ਪੁਲਿਸ ਨੇ ਕੇਸ ਦਰਜ ਕਰ ਕੇ ਮੁੱਖ ਆਰੋਪੀ ਪ੍ਰਵੇਸ਼ ਗੁਰਜਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਹ ਘਟਨਾ 5 ਜੂਨ ਦੀ ਹੈ, ਜਦੋਂ ਬੁਲੰਦਸ਼ਹਿਰ ਦਾ ਰਹਿਣ ਵਾਲਾ ਬਜ਼ੁਰਗ ਅਬਦੁਲ ਸਮਦ ਲੋਨੀ ਆਇਆ ਸੀ ਅਤੇ ਮਸਜਿਦ ਜਾਣ ਲਈ ਆਟੋ ਵਿਚ ਬੈਠਿਆ। ਦਸਿਆ ਜਾ ਰਿਹਾ ਹੈ ਕਿ ਆਟੋ ਵਿਚ ਬੈਠੇ ਕੱੁਝ ਲੋਕ ਉਸ ਨੂੰ ਜ਼ਬਰਦਸਤੀ ਜੰਗਲ ਵਿਚ ਲੈ ਗਏ, ਜਿਥੇ ਉਨ੍ਹਾਂ ਨੇ ਇਕ ਕਮਰੇ ਵਿਚ ਲਿਜਾ ਕੇ ਬਜ਼ੁਰਗ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦਾੜ੍ਹੀ ਕੱਟੀ। ਲੋਨੀ ਦੇ ਸੀਓ ਅਤੁਲ ਕੁਮਾਰ ਸੋਨਕਰ ਨੇ ਕਿਹਾ ਕਿ ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ। (ਏਜੰਸੀ)