
ਫ਼ੂਡ ਸਪਲਾਈ ਵਿਭਾਗ ਵਿਚ ਬਤੌਰ ਜੂਨੀਅਰ ਆਡੀਟਰ ਨੇ ਘਰ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮਲੋਟ, 14 ਜੂਨ (ਹਰਦੀਪ ਸਿੰਘ ਖ਼ਾਲਸਾ) : ਮਲੋਟ ਸ਼ਹਿਰ ਦੇ ਬਠਿੰਡਾ ਰੋਡ ’ਤੇ ਸਥਿਤ ਜਨਤਾ ਕਾਲੋਨੀ ਵਿਚ ਇਕ ਵਿਅਕਤੀ ਵਲੋਂ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।
ਥਾਣਾ ਮੁਖੀ ਇੰਸਪੈਕਟਰ ਚੰਦਰ ਸ਼ੇਖਰ ਨੇ ਦਸਿਆ ਕਿ ਉਨ੍ਹਾਂ ਨੂੰ ਅੱਜ ਬਠਿੰਡਾ ਰੋਡ ’ਤੇ ਸਥਿਤ ਜਨਤਾ ਕਾਲੋਨੀ ਵਿਚ ਰਹਿ ਰਹੇ ਫ਼ੂਡ ਸਪਲਾਈ ਵਿਭਾਗ ਵਿਚ ਬਤੌਰ ਜੂਨੀਅਰ ਆਡੀਟਰ ਵਜੋਂ ਤਾਇਨਾਤ ਨੌਜਵਾਨ ਸੁਭਾਸ਼ ਕੁਮਾਰ ਪੁੱਤਰ ਗੋਪੀ ਰਾਮ ਵਲੋਂ ਅਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਕਿ ਸੁਭਾਸ਼ ਕੁਮਾਰ ਦੀ ਲਾਸ਼ ਫਾਹੇ ’ਤੇ ਲਮਕ ਰਹੀ ਸੀ। ਮ੍ਰਿਤਕ ਦੇ ਵਾਰਸਾਂ ਦੀ ਮੌਜੂਦਗੀ ਵਿਚ ਲਾਸ਼ ਨੂੰ ਫਾਹੇ ਤੋਂ ਲਾਹ ਕੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿਤਾ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਸ਼ੁਭਾਸ਼ ਕੁਮਾਰ ਜਨਤਾ ਕਾਲੋਨੀ ਬਠਿੰਡਾ ਰੋਡ ਸਥਿਤ ਅਪਣੇ ਘਰ ਵਿਚ ਇਕੱਲਾ ਸੀ ਅਤੇ ਉਸ ਦੀ ਪਤਨੀ ਜੋ ਕਿ ਹੈਲਥ ਵਿਭਾਗ ਵਿਚ ਨੌਕਰੀ ਕਰਦੀ ਹੈ, ਅਪਣੀ ਡਿਊਟੀ ’ਤੇ ਗਈ ਹੋਈ ਸੀ। ਜਦ ਸਵੇਰੇ ਆ ਕੇ ਉਸ ਦੀ ਪਤਨੀ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਦਰਵਾਜ਼ਾ ਨਾ ਖੁਲ੍ਹਣ ’ਤੇ ਨੇੜੇ-ਤੇੜੇ ਦੇ ਲੋਕਾਂ ਨੇ ਅੰਦਰ ਵੜ ਕੇ ਵੇਖਿਆ ਤਾਂ ਸੁਭਾਸ਼ ਕੁਮਾਰ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਸੁਭਾਸ਼ ਦੀ ਮਾਤਾ ਮਾਇਆ ਦੇਵੀ ਪਤਨੀ ਗੋਪੀ ਰਾਮ ਵਲੋਂ ਦਰਜ ਕਰਵਾਏ ਬਿਆਨਾਂ ਵਿਚ ਦਸਿਆ ਕਿ ਸ਼ੁਭਾਸ਼ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਪਣੀ ਪਤਨੀ ਤੇ ਬੱਚਿਆਂ ਨਾਲ ਜਨਤਾ ਕਾਲੋਨੀ ਵਿਖੇ ਅਪਣੇ ਘਰ ਵਿਚ ਰਹਿ ਰਿਹਾ ਸੀ ਬੱਚੇ ਆਪਣੇ ਨਾਨਕੇ ਗਏ ਹੋਏ ਸਨ ਜਦਕਿ ਪਤਨੀ ਡਿਊਟੀ ’ਤੇ ਗਈ ਹੋਈ ਸੀ। ਰਾਤ ਦੀ ਡਿਊਟੀ ਕਾਰਨ ਸ਼ੁਭਾਸ਼ ਰਾਤ ਘਰ ਵਿਚ ਇਕੱਲਾ ਸੀ ਜਦੋਂ ਉਸ ਦੀ ਪਤਨੀ ਘਰ ਆਈ ਤਾਂ ਉਸ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੋਲ੍ਹਣ ’ਤੇ ਆਂਢ-ਗੁਆਂਢ ਰਹਿੰਦੇ ਲੋਕਾਂ ਨੂੰ ਬੁਲਾ ਕੇ ਅੰਦਰ ਵੇਖਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਮਕ ਰਹੀ ਸੀ। ਪੁਲਿਸ ਨੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ :-ਮ੍ਰਿਤਕ ਸ਼ੁਭਾਸ਼ ਕੁਮਾਰ ਦੀ ਫਾਇਲ ਫੋਟੋ।