
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ..........
ਚੰਡੀਗੜ੍ਹ: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਟੀ (ਗਡਵਾਸੂ), ਲੁਧਿਆਣਾ ਸਾਰੀਆਂ ਭਾਰਤੀ ਖੇਤੀਬਾੜੀ ਯੂਨੀਵਰਸਟੀਆਂ ਵਿਚੋਂ ਤੀਜੇ ਸਥਾਨ 'ਤੇ ਕਾਬਜ਼ ਰਹੀ ਹੈ। ਇਕ ਪ੍ਰੈਸ ਬਿਆਨ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਉੱਚ ਸੰਸਥਾ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਟੀਆਂ ਦੀ ਰਂੈਕਿੰਗ ਸੂਚੀ ਜਾਰੀ ਕੀਤੀ ਹੈ।
ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਟੀ ਨੇ ਇਸ ਰੈਂਕਿੰਗ ਵਿਚ 9ਵਾਂ ਸਥਾਨ ਹਾਸਲ ਕੀਤਾ ਸੀ, ਇਸ ਲਈ ਮਾਣ ਵਾਲੀ ਗੱਲ ਹੈ ਕਿ ਇੰਨੇ ਘੱਟ ਸਮੇਂ ਵਿਚ ਇਸ ਦੀ ਰੈਂਕਿੰਗ ਵਿਚ ਸ਼ਾਨਦਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦਸਿਆ ਕਿ ਗਡਵਾਸੂ, ਲੁਧਿਆਣਾ ਨੇ ਕੌਮੀ ਖੇਤੀਬਾੜੀ ਖੋਜ ਪ੍ਰਣਾਲੀ (ਐਨ.ਏ.ਆਰ.ਐਸ.) ਤਹਿਤ ਸਾਰੀਆਂ ਸਬੰਧਤ ਸੰਸਥਾਵਾਂ ਵਿਚੋਂ ਤੀਜਾ ਸਥਾਨ ਅਤੇ ਆਈ.ਸੀ.ਏ.ਆਰ. ਰੈਂਕਿੰਗ ਵਿਚ ਸਮੂਹ ਭਾਰਤ ਰਾਜ ਖੇਤੀਬਾੜੀ/ਵੈਟਰਨਰੀ ਯੂਨੀਵਰਸਟੀਆਂ ਵਿਚੋਂ ਪਹਿਲੇ ਸਥਾਨ 'ਤੇ ਕਾਬਜ਼ ਰਹੀ ਹੈ।
ਸਿੱਧੂ ਨੇ ਆਖਿਆ ਕਿ ਇਹ ਯੂਨੀਵਰਸਟੀ ਵਲੋਂ ਰਾਜ ਵਿਚ ਪਸ਼ੂਆਂ ਦੀ ਨਸਲ ਸੁਧਾਰ ਅਤੇ ਕਾਮਿਆਂ ਨੂੰ ਕੌਮਾਂਤਰੀ ਪੱਧਰ 'ਤੇ ਮੁਕਾਬਲੇ ਵਿਚ ਖੜਨ ਦੇ ਯੋਗ ਬਣਾਉਣ ਦੀ ਦਿਸ਼ਾ ਵਿਚ ਪਾਏ ਯੋਗਦਾਨ ਦਾ ਨਤੀਜਾ ਹੈ। ਉਨ੍ਹਾਂ ਦਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਟੀ ਦਿਨ ਰਾਤ ਕਾਰਜ ਕਰ ਰਹੀ ਹੈ ਜਿਸ ਨੇ ਉਤਪਾਦਨ, ਪਸ਼ੂ ਸਿਹਤ ਅਤੇ ਸੂਬੇ ਦੀ ਪਸ਼ੂ ਪਾਲਣ ਅਤੇ ਮੱਛੀ ਪਾਲਣ ਆਮਦਨੀ ਵਿਚ ਕਾਫ਼ੀ ਸੁਧਾਰ ਲਿਆਂਦਾ ਹੈ।