
380 ਨਵੇਂ ਪਾਜ਼ੇਟਿਵ ਮਾਮਲੇ ਵੀ ਆਏ, ਇਲਾਜ ਅਧੀਨ 65 ਮਰੀਜ਼ਾਂ ਦੀ ਹਾਲਤ ਗੰਭੀਰ
ਚੰਡੀਗੜ੍ਹ, 14 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਹਰ ਦਿਨ ਵਧਦਾ ਹੀ ਜਾ ਰਾ ਹੈ। ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ ਤੇ 380 ਤੋਂ ਵੱਧ ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਲੁਧਿਆਣਾ ਜ਼ਿਲ੍ਹੇ ਵਿਚ 3, ਮੋਹਾਲੀ ਅਤੇ ਸੰਗਰੂਰ ਵਿਚ 2-2 ਅਤੇ ਫ਼ਾਜ਼ਿਲਕਾ ਤੇ ਅੰਮ੍ਰਿਤਸਰ ਵਿਚ 1-1 ਮੌਤ ਹੋਈ ਹੈ। ਇਸ ਸਮੇਂ 2635 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ 65 ਦੀ ਹਾਲਤ ਗੰਭੀਰ ਹੈ।
Photo
ਇਨ੍ਹਾਂ ਵਿਚ 54 ਆਕਸੀਜਨ ਅਤੇ 11 ਵੈਂਟੀਲੇਟਰ ਉਪਰ ਹਨ। ਸੂਬੇ ਵਿਚ ਹੁਣ ਤਕ ਮੌਤਾਂ ਦੀ ਗਿਣਤੀ 216 ਤਕ ਪਹੁੰਚ ਗਈ ਹੈ ਅਤੇ ਕੁਲ ਪਾਜ਼ੇਟਿਵ ਅੰਕੜਾ 8550 ਤਕ ਪਹੁੰਚ ਚੁੱਕਾ ਹੈ। ਲੁਧਿਆਣਾ ਵਿਚ ਅੱਜ 110, ਜਲੰਧਰ ਵਿਚ 80 ਤੇ ਪਟਿਆਲਾ ਵਿਚ 51 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਧਮਾਕੇ ਹੋਏ ਹਨ। ਇਸ ਸਮੇਂ ਲੁਧਿਆਣਾ, ਜਲੰਘਰ, ਸੰਗਰੂਰ ਅਤੇ ਪਟਿਆਲਾ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ ਜਦਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਹਿਲਾ ਨਾਲੋਂ ਮਰੀਜ਼ਾਂ ਦੀ ਰਫ਼ਤਾਰ ਕੁੱਝ ਜ਼ਰੂਰ ਘਟੀ ਹੈ।
ਲੁਧਿਆਣਾ ਵਿਚ ਸੱਭ ਤੋਂ ਵੱਧ ਪਾਜ਼ੇਟਿਵ ਕੇਸਾਂ ਦਾ ਅੰਕੜਾ ਹੈ ਜੋ 1550 ਤਕ ਪਹੁੰਚ ਗਿਆ ਹੈ। ਜਲੰਧਰ ਵਿਚ 1345, ਅੰਮ੍ਰਿਤਸਰ 1109, ਪਟਿਆਲਾ 723 ਅਤੇ ਸੰਗਰੂਰ ਹੁਣ ਤਕ 667 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਸੂਬੇ ਵਿਚ ਕੁਲ 5663 ਮਰੀਜ਼ ਠੀਕ ਵੀ ਹੋਏ ਹਨ। ਮੌਤਾਂ ਵਿਚ ਅੰਮ੍ਰਿਤਸਰ 56, ਲੁਧਿਆਣਾ 34, ਜਲੰਧਰ 28 ਅਤੇ ਸੰਗਰੂਰ 21 ਮਾਮਲੇ ਹਨ।