
ਸ਼ਹਿਰ ਵਿਚ ਕੋਰੋਨਾ ਦੇ ਕੇਸ ਵਧਦਿਆਂ ਕਈ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ।
ਪਟਿਆਲਾ, 14 ਜੁਲਾਈ (ਤੇਜਿੰਦਰ ਫ਼ਤਿਹਪੁਰ) : ਸ਼ਹਿਰ ਵਿਚ ਕੋਰੋਨਾ ਦੇ ਕੇਸ ਵਧਦਿਆਂ ਕਈ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ। ਇਸ ਜੋਨ ਵਿਚ ਜਿਥੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਮਨਾਹੀ ਹੈ। ਉਥੇ ਹੀ ਆਸ ਪਾਸ ਦੀਆਂ ਦੁਕਾਨਾਂ ਵੀ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। ਪ੍ਰੰਤੂ ਸ਼ਹਿਰ ਦੇ ਡਵੀਜ਼ਨ ਨੰਬਰ ਦੋ ਦੇ ਸਾਹਮਣੇ ਅਜਿਹੇ ਹੀ ਜੋਨ ਵਿਚ ਆਉਣ ਜਾਣ ਉਤੇ ਮਨਾਹੀ ਕੀਤੀ ਗਈ ਹੈ ਪਰ ਮੁਹੱਲੇ ਦੇ ਮੋੜ ਉਤੇ ਹੀ ਸ਼ਰਾਬ ਦੇ ਠੇਕਾ ਖੁਲ੍ਹਾ ਹੈ ਜਿਸ ਦੇ ਰੋਸ ਵਜੋਂ ਅੱਜ ਇਲਾਕਾ ਵਾਸੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਨੇ ਦਸਿਆ ਕਿ ਬੀਤੇ ਦਿਨ ਤੋਂ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਕਿਸੇ ਨੂੰ ਨਾ ਅੰਦਰ ਆਉਣ ਦੀ ਇਜ਼ਾਜਤ ਹੈ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਹੈ। ਇਲਾਕੇ ਦੇ ਨੇੜੇ ਲੱਗਦੀਆਂ ਕਈਆਂ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ ਹਨ ਪਰ ਮੁਹੱਲੇ ਦੀ ਬਿਲਕੁਲ ਜੜ ਵਿਚ ਇਕ ਸ਼ਰਾਬ ਦਾ ਠੇਕਾ ਹੈ ਜਿਸ ਨੂੰ ਖੁਲ੍ਹੀ ਛੋਟ ਦਿਤੀ ਗਈ ਹੈ।
ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਮੁਹੱਲੇ ਦੇ ਨੇੜਲੇ ਬਾਜ਼ਾਰ ਬੰਦ ਕਰਵਾਏ ਜਾ ਸਕਦੇ ਹਨ ਤਾਂ ਫਿਰ ਸ਼ਰਾਬ ਦਾ ਠੇਕਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਲੋਕਾਂ ਨੇ ਦਸਿਆ ਕਿ ਬੀਤੇ ਦਿਨ ਕੁਝ ਅਧਿਕਾਰੀ ਇਲਾਕੇ ਦਾ ਜਾਇਜ਼ਾ ਲੈਣ ਆਏ ਸਨ ਤੇ ਉਨ੍ਹਾਂ ਨੂੰ ਵੀ ਦਸਿਆ ਗਿਆ ਸੀ ਪਰ ਕੁੱਝ ਨਹੀਂ ਹੋਇਆ। ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਨੂੰ ਕੰਟੇਨਮੈਂਟ ਜੋਨ ਤਾਂ ਘੋਸ਼ਿਤ ਕਰ ਦਿਤਾ ਗਿਆ ਹੈ ਪਰ ਸੈਨੇਟਾਈਜ਼ ਇਕ ਵਾਰ ਵੀ ਨਹੀਂ ਕੀਤਾ ਹੈ। ਜਿਸ ਕਾਰਨ ਮਜਬੂਰਨ ਧਰਨਾ ਲਾਉਣਾ ਪਿਆ ਹੈ।
ਮਾਮਲਾ ਨੂੰ ਭਖਦਾ ਦੇਖ ਮੌਕੇ 'ਤੇ ਨਾਇਬ ਤਹਿਸੀਲਦਾਰ ਇੰਦਰ ਕੁਮਾਰ ਵੀ ਮੌਕੇ 'ਤੇ ਪੁੱਜੇ। ਜਿਨਾਂ ਨੂੰ ਲੋਕਾਂ ਨੇ ਅਪਣੀਆਂ ਸਮੱਸਿਆਵਾਂ ਦਸੀਆ। ਨਾਇਬ ਤਹਿਸੀਦਾਰ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।